Chandigarh News: ਬੁੱਧਵਾਰ ਨੂੰ ਅਨੰਤਨਾਗ 'ਚ ਸ਼ਹੀਦ ਹੋਏ ਨਿਊ ਚੰਡੀਗੜ੍ਹ ਦੇ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੜੌਜੀਆਂ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੁਝ ਸਮੇਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਚੰਡੀ ਮੰਦਰ ਆਰਮੀ ਛਾਉਣੀ ਤੋਂ ਅੰਤਿਮ ਵਿਦਾਈ ਲਈ ਪਿੰਡ ਰਵਾਨਾ ਹੋਵੇਗੀ। ਸ਼ਹੀਦ ਦੀ ਮ੍ਰਿਤਕ ਦੇਹ ਚੰਡੀਗੜ੍ਹ ਦੇ ਕੇਂਦਰੀ ਮਾਰਗ ਰਾਹੀਂ ਚੰਡੀ ਮੰਦਰ ਛਾਉਣੀ ਤੋਂ ਪੀਜੀਆਈ ਰਾਹੀਂ ਨਿਊ ਚੰਡੀਗੜ੍ਹ ਵਿੱਚ ਦਾਖ਼ਲ ਹੋਵੇਗੀ। 



ਸ਼ਹੀਦ ਕਰਨਲ ਮਨਪ੍ਰੀਤ ਦੀ ਪਤਨੀ ਜਗਮੀਤ ਗਰੇਵਾਲ ਹਰਿਆਣਾ ਦੇ ਪੰਚਕੂਲਾ ਦੇ ਪਿੰਜੌਰ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾ ਹੈ। ਉਨ੍ਹਾਂ ਦੇ ਦੋ ਬੱਚੇ ਹਨ, 7 ਸਾਲ ਦਾ ਬੇਟਾ ਕਬੀਰ ਤੇ 2.5 ਸਾਲ ਦੀ ਬੇਟੀ ਬਾਣੀ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਸਰਕਾਰ ਦੀ ਤਰਫੋਂ ਮੁਹਾਲੀ ਤੋਂ ਵਿਧਾਇਕ ਤੇ ਸੂਬੇ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ।


ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਖੇਤਰ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿੱਚ ਮੁਹਾਲੀ ਜ਼ਿਲ੍ਹੇ ਦੇ ਪਿੰਡ ਭੜੌਜੀਆਂ ਦਾ ਕਰਨਲ ਮਨਪ੍ਰੀਤ ਸਿੰਘ ਬੈਂਸ (42) ਵੀ ਸ਼ਾਮਲ ਸੀ। ਮੁਕਾਬਲੇ ਦੌਰਾਨ ਪਹਿਲੀ ਗੋਲੀ ਕਰਨਲ ਮਨਪ੍ਰੀਤ ਸਿੰਘ ਨੂੰ ਲੱਗੀ ਸੀ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। 


ਮਨਪ੍ਰੀਤ ਸਿੰਘ ਸਾਲ 2003 ਵਿੱਚ ਬਤੌਰ ਲੈਫਟੀਨੈਂਟ ਕਰਨਲ ਭਰਤੀ ਹੋਇਆ ਸੀ ਤੇ ਉਹ ਕੁਝ ਸਮਾਂ ਪਹਿਲਾਂ ਹੀ ਪਦਉਨਤ ਹੋ ਕੇ ਕਰਨਲ ਬਣਿਆ ਸੀ। ਸਮਾਜ ਸੇਵੀ ਅਰਵਿੰਦ ਪੁਰੀ ਨੇ ਦੱਸਿਆ ਕਿ ਉਸ ਦੇ ਪਿਤਾ ਲਖਵੀਰ ਸਿੰਘ, ਦਾਦਾ ਸ਼ੀਤਲ ਸਿੰਘ ਤੇ ਚਾਚਾ ਰਣਜੀਤ ਸਿੰਘ ਵੀ ਫੌਜ ਵਿੱਚ ਰਹੇ ਹਨ। ਇਹ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਹਿੱਤ ਫੌਜ ਵਿੱਚ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। 


ਪੁਰੀ ਨੇ ਆਖਿਆ ਕਿ ਲਖਵੀਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਛੋਟੇ ਪੁੱਤਰ ਸੰਦੀਪ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਸਨਮਾਨ ਵਜੋਂ ਪੰਜਾਬ ਯੂਨੀਵਰਸਿਟੀ ਵਿੱਚ ਨੌਕਰੀ ਦਿੱਤੀ ਗਈ ਸੀ। ਪਿੰਡ ਦੇ ਸਰਪੰਚ ਰਜਿੰਦਰ ਸਿੰਘ ਨੇ ਦੱਸਿਆ ਕਿ ਕਰਨਲ ਮਨਪ੍ਰੀਤ ਸਿੰਘ ਵਿਆਹਿਆ ਹੋਇਆ ਹੈ ਤੇ ਉਸ ਦੀ ਪਤਨੀ ਜਗਮੀਤ ਕੌਰ ਪੰਚਕੂਲਾ ਨੇੜਲੇ ਮੋਰਨੀ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾ ਹੈ। ਉਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚ ਪੁੱਤਰ ਕਬੀਰ ਸਿੰਘ (7 ਸਾਲ) ਤੇ ਧੀ ਬਾਣੀ (ਢਾਈ ਸਾਲ) ਸ਼ਾਮਲ।