ਚੋਣ ਕਮਿਸ਼ਨ ਵੱਲੋਂ ਲੰਘੇ ਦਿਨੀਂ ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲਿਆ ਸੀ। ਕਮਿਸ਼ਨ ਵੱਲੋਂ ਪਿਛਲੇ ਦਿਨੀਂ ਹਟਾਏ ਗਏ 5 ਐੱਸ.ਐੱਸ.ਪੀਜ਼. ਨੂੰ ਨਿਯੁਕਤੀ ਮਿਲ ਗਈ ਹੈ। ਇਸ ਸਬੰਧੀ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ 4 ਪੀ.ਪੀ.ਐੱਸ. ਅਧਿਕਾਰੀ ਅਤੇ ਇਕ ਅਧਿਕਾਰੀ ਦੇ ਪਰਿਵਾਰਕ ਮੈਂਬਰ ਸਿਆਸਤ ਨਾਲ ਸਬੰਧਤ ਸਨ। ਇਸ ਕਾਰਨ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਜਿਨ੍ਹਾਂ ਵਿਚ ਪਠਾਨਕੋਟ, ਫਾਜ਼ਿਲਕਾ, ਜਲੰਧਰ ਦਿਹਾਤੀ, ਮਲੇਰਕੋਟਲਾ ਅਤੇ ਬਠਿੰਡਾ ਵਿਖੇ ਇਹ ਅਧਿਕਾਰੀ ਤਾਇਨਾਤ ਸਨ।


ਹੁਕਮ ਮੁਤਾਬਕ ਵਰਿੰਦਰ ਸਿੰਘ ਬਰਾੜ ਨੂੰ ਏ.ਆਈ.ਜੀ. ਐੱਨ.ਆਰ.ਆਈ. ਲੁਧਿਆਣਾ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਫਾਜ਼ਿਲਕਾ ਦੇ ਐੱਸ.ਐੱਸ.ਪੀ. ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹਰਕਮਲ ਪ੍ਰੀਤ ਸਿੰਘ ਖੱਖ ਨੂੰ ਕਮਾਂਡੈਂਟ 27ਵਾਂ ਪੀ.ਏ.ਪੀ.ਜਲੰਧਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਮਾਲੇਰਕੋਟਲਾ ਦੇ ਐੱਸ.ਐੱਸ.ਪੀ. ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਪਠਾਨਕੋਟ ਦੇ ਐੱਸ.ਐੱਸ.ਪੀ. ਦੇ ਅਹੁਦੇ ਤੋਂ ਹਟਾਏ ਗਏ ਦਲਜਿੰਦਰ ਸਿੰਘ ਨੂੰ ਏ.ਆਈ.ਜੀ. ਸੀ.ਆਈ.ਡੀ. ਜਲੰਧਰ ਤਾਇਨਾਤ ਕੀਤਾ ਗਿਆ ਹੈ।




ਇਸੇ ਤਰ੍ਹਾਂ ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਦੇ ਅਹੁਦੇ ਤੋਂ ਹਟਾਏ ਗਏ ਮੁਖਵਿੰਦਰ ਸਿੰਘ ਭੁੱਲਰ ਨੂੰ ਹੁਣ ਏ.ਆਈ.ਜੀ. ਏ.ਜੀ.ਟੀ.ਐੱਫ. ਜਲੰਧਰ ਲਾਇਆ ਗਿਆ ਹੈ। ਬਠਿੰਡਾ ਦੇ ਐੱਸ.ਐੱਸ.ਪੀ. ਹਰਮਨਬੀਰ ਸਿੰਘ ਗਿੱਲ ਨੂੰ ਪੀਏਪੀ 75ਵੀਂ ਬਟਾਲੀਅਨ ਦਾ ਕਮਾਂਡੈਂਟ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬਾ ਸਿੰਘ ਪੀ.ਪੀ.ਐੱਸ. ਨੂੰ ਕਮਾਂਡੈਂਟ-5 ਆਈ.ਆਰ.ਬੀ. ਅੰਮ੍ਰਿਤਸਰ ਲਗਾਇਆ ਗਿਆ ਹੈ।


ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਸੀ। ਚੋਣ ਕਮਿਸ਼ਨ ਨੇ ਚਾਰ ਰਾਜਾਂ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਸੀ। ਚੋਣ ਕਮਿਸ਼ਨ ਨੇ ਗੁਜਰਾਤ, ਪੰਜਾਬ, ਉੜੀਸਾ ਅਤੇ ਪੱਛਮੀ ਬੰਗਾਲ ਵਿਚ ਜ਼ਿਲ੍ਹਾ ਮੈਜਿਸਟਰੇਟ (ਡੀਐਮ) ਅਤੇ ਪੁਲਿਸ ਸੁਪਰਡੈਂਟ (ਐਸਪੀ) ਅਹੁਦਿਆਂ ‘ਤੇ ਤਾਇਨਾਤ ਨਾਨ-ਕੇਡਰ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ।


ਪੰਜਾਬ ਦੇ ਬਠਿੰਡਾ ਦੇ ਐਸਐਸਪੀ ਅਤੇ ਆਸਾਮ ਦੇ ਸੋਨੀਤਪੁਰ ਦੇ ਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਐੱਸਐੱਸਪੀ ਹਰਮਨਬੀਰ ਸਿੰਘ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਭਰਾ ਹਨ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚ ਗੁਜਰਾਤ ਦੇ ਛੋਟਾ ਉਦੈਪੁਰ ਅਤੇ ਅਹਿਮਦਾਬਾਦ ਦਿਹਾਤੀ ਜ਼ਿਲ੍ਹਿਆਂ ਦੇ ਐੱਸ.ਪੀ. ਵੀ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।