Doctors Strike: ਮਾਨਸਾ ਵਿੱਚ ਡਾਕਟਰਾਂ ਨੂੰ ਸਰਕਾਰ ਖਿਲਾਫ਼ ਹੜਤਾਲ ਕਰਨੀ ਮਹਿੰਗੀ ਪੈ ਗਈ ਹੈ। ਹੜਤਾਲੀ ਡਾਕਟਰਾਂ 'ਤੇ ਮਾਨਸਾ ਵਿੱਚ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਡਾਕਟਰਾਂ ਦੀ ਹੜਤਾਲ ਦੌਰਾਨ ਸਿਵਲ ਹਸਪਤਾਲ ਮਾਨਸਾ 'ਚੋਂ ਕੁਝ ਡਾਕਟਰਾਂ ਦੀ ਬਦਲੀ ਕਰ ਦਿੱਤੀ ਗਈ ਹੈ, ਜਿਸ ਕਾਰਨ ਡਾਕਟਰਾਂ 'ਚ ਰੋਸ ਹੋਰ ਵਧ ਗਿਆ ਹੈ।


ਧਰਨੇ 'ਤੇ ਬੈਠੇ ਪੀਸੀਐੱਮਐੱਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਗੁਰਜੀਵਨ ਸਿੰਘ, ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਸ਼ੁਭਮ ਬਾਂਸਲ, ਡਾ. ਕਮਲ ਨੇ ਕਿਹਾ ਕਿ ਸਿਵਲ ਸਰਜਨ ਨੂੰ  ਪ੍ਰਾਪਤ ਹੋਏ ਹੁਕਮਾਂ ਮੁਤਾਬਕ ਸਿਵਲ ਹਸਪਤਾਲ ਮਾਨਸਾ ਦੇ ਇਕਲੌਤੇ ਈਐੱਨਟੀ ਸਪੈਸ਼ਲਿਸਟ ਡਾ. ਕਿਰਨਵਿੰਦਰਪ੍ਰੀਤ ਸਿੰਘ, ਦੰਦਾਂ ਦੇ ਮਾਹਿਰ ਡਾ. ਹੰਸਾ, ਮਨੋਰੋਗ ਮਾਹਿਰ ਡਾ. ਛਵੀ ਬਜਾਜ ਨੂੰ ਸਬ- ਡਵੀਜ਼ਨ ਹਸਪਤਾਲ ਸਰਦੂਲਗੜ੍ਹ, ਸਰਜਨ ਡਾ. ਅਨੀਸ਼ ਕੁਮਾਰ, ਡਾ. ਪ੍ਰਵੀਨ ਨੂੰ ਸਰਦੂਲਗੜ੍ਹ, ਡਾ. ਨੇਹਾ, ਡਾ. ਵਰੁਣਜੋਤ ਸਿੰਘ, ਡਾ. ਚਰਨਜੀਤ ਸਿੰਘ, ਡਾ. ਬਰਜਿੰਦਰ ਸਿੰਘ ਨੂੰ ਬਲਾਕ ਖਿਆਲਾ ਤੋਂ ਸਰਦੂਲਗੜ੍ਹ, ਡਾ. ਬਲਜਿੰਦਰ ਕੌਰ ਨੂੰ ਖਿਆਲਾ ਤੋਂ ਮਾਨਸਾ ਹਸਪਤਾਲ 'ਚ ਬਦਲ ਦਿੱਤਾ ਗਿਆ ਹੈ।


ਸੂਬੇ ਭਰ ਵਿੱਚ ਡਾਕਟਰਾਂ ਦੀ ਹੜਤਾਲ ਦਾ ਅੱਜ 6ਵਾਂ ਦਿਨ ਹੈ। ਮਰੀਜ਼ਾਂ ਦਾ ਪਿਛਲੇ ਲਗਾਤਾਰ ਪੰਜ ਦਿਨਾਂ ਤੋਂ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਹੜਤਾਲ ਦੇ ਕਾਰਨ ਜਿੱਥੇ ਸੈਂਕੜੇ ਮਰੀਜ਼ ਇਲਾਜ ਵਿਹੁਣੇ ਘਰਾਂ ਨੂੰ ਵਾਪਸ ਜਾ ਰਹੇ ਸਨ। ਉੱਥੇ ਹੀ ਹੁਣ ਮਰੀਜ਼ਾ ਦੀ ਸਰਕਾਰ ਹਸਪਤਾਲ ਵਿੱਚ ਆਉਣ ਦੀ ਗਿਣਤੀ ਵੀ ਘੱਟਦੀ ਜਾ ਰਹੀ ਹੈ। 


ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਸਰਕਾਰ 11 ਸਤੰਬਰ ਨੂੰ ਹਾਂ-ਪੱਖੀ ਗੱਲਬਾਤ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਨਿਯਮਾਂ ਮੁਤਾਬਕ ਹੜਤਾਲ ਜਾਰੀ ਰਹੇਗੀ। 11 ਸਤੰਬਰ ਨੂੰ ਡਾਕਟਰਾਂ ਅਤੇ ਸਰਕਾਰ ਵਿਚਾਲੇ ਹੋਈ ਮੀਟਿੰਗ ਦੌਰਾਨ ਕੁਝ ਗੱਲਾਂ 'ਤੇ ਸਹਿਮਤੀ ਬਣੀ ਸੀ। ਐਸੋਸੀਏਸ਼ਨ ਵੱਲੋਂ ਹਸਪਤਾਲ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਸੁਰੱਖਿਆ ਲਈ ਅਤੇ ਰੈਗੂਲਰ ਤਨਖ਼ਾਹਾਂ ਵਿੱਚ ਵਾਧੇ ਦੇ ਹੁਕਮ ਜਾਰੀ ਕਰਨ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।


ਸਰਕਾਰ ਦੇ ਭਰੋਸੇ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਨੂੰ 3 ਪੜਾਵਾਂ ਵਿੱਚ ਬਦਲ ਦਿੱਤਾ। ਜਿਸ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ। ਪਹਿਲਾ ਪੜਾਅ 9 ਤੋਂ 11 ਸਤੰਬਰ ਤੱਕ ਸੀ, ਜਿਸ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਦੂਜਾ ਪੜਾਅ 12 ਤੋਂ 15 ਸਤੰਬਰ ਤੱਕ ਚੱਲੇਗਾ।