ਚੰਡੀਗੜ੍ਹ: ਅੱਜ ਤੋਂ ਪੀਜੀਆਈ ਚੰਡੀਗੜ੍ਹ 'ਚ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁੜ ਤੋਂ ਸ਼ੁਰੂ ਹੋ ਜਾਏਗਾ। ਪੰਜਾਬ ਸਰਕਾਰ ਪੀਜੀਆਈ ਚੰਡੀਗੜ੍ਹ ਨੂੰ 16 ਕਰੋੜ ਦੇ ਸੱਤ ਮਹੀਨਿਆਂ ਦੇ ਬਕਾਏ ਅਦਾ ਨਹੀਂ ਕਰ ਸਕੀ ਸੀ ਜਿਸ ਕਾਰਨ PGI ਵੱਲੋਂ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਸੀ।ਇਸ ਸਕੀਮ ਤਹਿਤ PGI ਚੰਡੀਗੜ੍ਹ ਪੰਜਾਬ ਦੇ 1200 ਤੋਂ 1400 ਮਰੀਜ਼ਾਂ ਦਾ ਇਲਾਜ ਕਰਦਾ ਹੈ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ, "ਕੇਂਦਰ ਸਰਕਾਰ ਨੇ ਲੰਮੇ ਸਮੇਂ ਤੋਂ ਲਗਾਤਾਰ ਆਪਣੇ ਸਨਅਤਕਾਰ ਮਿੱਤਰਾਂ ਦਾ ਪੈਸਾ ਤਾਂ ਮੁਆਫ਼ ਕੀਤਾ ਪਰ ਕਿਸੇ ਵੀ ਕਿਸਾਨ ਦਾ ਪੈਸਾ ਮੁਆਫ਼ ਨਹੀਂ ਕੀਤਾ। ਕੇਂਦਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਥੀਆਂ ਦੀ ਬਜਾਏ ਕਿਸਾਨਾਂ ਦਾ ਕਰਜ਼ਾ ਮੁਆਫ ਕਰੇ।"
ਉਨ੍ਹਾਂ ਕਿਹਾ ਕਿ, "ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਆਯੂਸ਼ਮਾਨ ਯੋਜਨਾ ਸਕੀਮ ਵਿੱਚ ਸਹੀ ਢੰਗ ਨਾਲ ਕੰਮ ਨਹੀਂ ਹੋਇਆ, ਜਿਸ ਕਾਰਨ ਅਜਿਹਾ ਹੋਇਆ ਹੈ। " ਚੀਮਾ ਨੇ ਕਿਹਾ, "ਅਸੀਂ ਇਸ ਸਕੀਮ ਵਿੱਚ ਸਾਰਾ ਪੈਸਾ ਜਮ੍ਹਾਂ ਕਰਵਾ ਦਿੱਤਾ ਹੈ ਅਤੇ ਕੱਲ੍ਹ ਤੋਂ ਇਸ ਯੋਜਨਾ ਤਹਿਤ ਇਲਾਜ ਸ਼ੁਰੂ ਹੋ ਜਾਵੇਗਾ।"
ਦੱਸ ਦਈਏ ਕਿ ਪੰਜਾਬ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦਾ ਦਿਵਾਲਾ ਨਿਕਲ ਚੁੱਕਾ ਸੀ।ਇਸ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਸਰਕਾਰ ਪੀਜੀਆਈ ਚੰਡੀਗੜ੍ਹ ਨੂੰ 16 ਕਰੋੜ ਦੇ ਸੱਤ ਮਹੀਨਿਆਂ ਦੇ ਬਕਾਏ ਅਦਾ ਨਹੀਂ ਕਰ ਸਕੀ ਸੀ। ਜਿਸ ਕਾਰਨ ਪੀਜੀਆਈ ਚੰਡੀਗੜ੍ਹ ਨੇ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਸੀ।ਪਰ ਹੁਣ ਅੱਜ ਤੋਂ ਇਹ ਇਲਾਜ ਮੁੜ ਤੋਂ ਸ਼ੁਰੂ ਹੋ ਜਾਏਗਾ।
ਪੰਜਾਬ ਦੇ ਲੋਕ 1 ਅਗਸਤ ਤੋਂ ਇਸ ਸਕੀਮ ਦੇ ਯੋਗ ਨਹੀਂ
ਪੀਜੀਆਈ ਦੇ ਡਿਪਟੀ ਡਾਇਰੈਕਟਰ ਗੌਰਵ ਧਵਨ ਨੇ ਦੱਸਿਆ ਕਿ ਪੰਜਾਬ ਦੀ ਆਯੁਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀ 1 ਅਗਸਤ ਤੋਂ ਸਕੀਮ ਤਹਿਤ ਲਾਭ ਲੈਣ ਦੇ ਯੋਗ ਨਹੀਂ ਸੀ। ਨਵੇਂ ਦਾਖਲੇ ਦੀ ਮੰਗ ਕਰਨ ਵਾਲੇ ਕਿਸੇ ਵੀ ਲਾਭਪਾਤਰੀ ਨੂੰ ਨਿਯਮਤ ਮਰੀਜ਼ਾਂ ਵਾਂਗ ਉਪਭੋਗਤਾ ਫੀਸ ਅਦਾ ਕਰਨੀ ਪੈ ਰਹੀ ਸੀ। ਇਸ ਸਕੀਮ ਲਈ ਪੀਜੀਆਈ ਦੇ ਨੋਡਲ ਅਫ਼ਸਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੂਜੇ ਰਾਜਾਂ ਦੇ ਲਾਭਪਾਤਰੀ ਪਹਿਲਾਂ ਵਾਂਗ ਸੇਵਾਵਾਂ ਲੈ ਰਹੇ ਹਨ।
ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ, "ਪੰਜਾਬ ਦੇ ਜਿਹੜੇ ਸਕੂਲਾਂ ਵਿੱਚ ਸਟਾਫ਼ ਦੀ ਕਮੀ ਹੈ, ਉਨ੍ਹਾਂ ਲਈ ਅਸੀਂ ਨਵਾਂ ਸਟਾਫ਼ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ, ਜਲਦ ਹੀ ਪੰਜਾਬ ਦੇ ਸਾਰੇ ਸਕੂਲ ਸਟਾਫ਼ ਨਾਲ ਭਰ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਹਰ ਸਕੂਲ ਵਿੱਚ ਪੂਰਾ ਸਟਾਫ਼ ਹੋਵੇਗਾ।"