ਚੰਡੀਗੜ੍ਹ
  : ਚੰਡੀਗੜ੍ਹ ਵਿੱਚ ਅੱਜ ਦੂਜੀ ਵਾਰ ਦਰੱਖਤ ਡਿੱਗਿਆ ਹੈ ,ਹਾਲਾਂਕਿ ਨਾਲ ਇਸ ਵਾਰ ਪੂਰਾ ਦਰੱਖਤ ਨਹੀਂ  ਡਿੱਗਿਆ , ਬਲਕਿ ਇੱਕ ਟਾਹਣੀ ਟੁੱਟ ਕੇ ਡਿੱਗ ਗਈ ਅਤੇ ਬਚਾਅ ਹੋ ਗਿਆ। ਅੱਜ ਸਵੇਰੇ ਕਰੀਬ 7.50 ਵਜੇ ਸੈਕਟਰ 24/25/37/38 ਦੇ ਚੌਕ ਨੇੜੇ ਚੱਲਦੀ ਕਾਰ ’ਤੇ ਦਰੱਖਤ ਦੀ ਟਾਹਣੀ ਡਿੱਗ ਗਈ। ਇਸ ਕਾਰ ਵਿੱਚ ਛੋਟੇ ਬੱਚੇ ਬੈਠੇ ਸਨ, ਜੋ ਆਪਣੇ ਪਿਤਾ ਨਾਲ ਸਕੂਲ ਜਾ ਰਹੇ ਸਨ।

ਹਾਲਾਂਕਿ ਹਾਦਸਾ ਨਹੀਂ ਵਾਪਰਿਆ ਪਰ ਬੱਚੇ ਸਹਿਮ ਗਏ ਹਨ। ਸੌਰਭ ਕਾਂਸਲ ਨਾਂ ਦੇ ਸਖਸ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ। ਜਿਵੇਂ ਹੀ ਉਹ ਚੌਕ 'ਤੇ ਪਹੁੰਚਿਆ ਤਾਂ ਦਰੱਖਤ ਦੀ ਟਾਹਣੀ ਉਸ ਦੀ ਕਾਰ ਦੇ ਬੋਨਟ 'ਤੇ ਡਿੱਗ ਗਈ। ਇਹ ਹਾਦਸਾ ਸੈਕਟਰ-37 ਵਾਲੇ ਪਾਸੇ ਵਾਪਰਿਆ। ਇਸ ਘਟਨਾ ਨਾਲ ਬੱਚੇ ਡੂੰਘੇ ਸਦਮੇ ਵਿਚ ਸਨ। ਉਥੇ ਕਾਰ ਵੀ ਨੁਕਸਾਨੀ ਗਈ।

 

ਸੌਰਭ ਕਾਂਸਲ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਲਗਾਤਾਰ ਹੋ ਰਹੇ ਅਜਿਹੇ ਹਾਦਸੇ ਸਹੀ ਨਹੀਂ ਹਨ। ਇਸ ਘਟਨਾ ਤੋਂ ਬਾਅਦ ਉਸ ਦੇ ਬੱਚੇ ਕਾਫੀ ਘਬਰਾ ਗਏ ਹਨ। ਸ਼ਹਿਰ ਵਿੱਚ ਰੁੱਖਾਂ ਦੀ ਸਹੀ ਨਿਗਰਾਨੀ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 17 ਜੁਲਾਈ ਨੂੰ ਸੈਕਟਰ-43ਬੀ 'ਚ ਇਕ ਕਾਰ 'ਤੇ ਦਰੱਖਤ ਡਿੱਗ ਗਿਆ ਸੀ। ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। 

 

ਇਸ ਤੋਂ ਇਲਾਵਾ ਸ਼ਹਿਰ ਵਿੱਚ ਕਈ ਥਾਵਾਂ ’ਤੇ ਦਰੱਖਤ ਕੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। 8 ਜੁਲਾਈ ਨੂੰ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਵਿਰਾਸਤੀ ਦਰੱਖਤ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਵਿਦਿਆਰਥਣ ਹੀਰਾਕਸ਼ੀ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਸੇਵਾਦਾਰ ਸਮੇਤ ਕਈ ਬੱਚੇ ਗੰਭੀਰ ਜ਼ਖਮੀ ਹੋ ਗਏ ਸਨ , ਇੱਕ ਦੀ ਬਾਂਹ ਕੱਟਣੀ ਪਈ ਸੀ।