Farmers Protest: ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੂੰ ਰੋਕਣ ਲਈ ਸੁਰੱਖਿਆ ਬਲ ਅੱਥਰੂ ਗੈਸ ਦੇ ਗੋਲੇ ਦਾਗ ਰਹੇ ਹਨ। ਸੁਰੱਖਿਆ ਬਲਾਂ ਵੱਲੋਂ ਡ੍ਰੋਨ ਨਾਲ ਵੀ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਕਿਸਾਨ ਤੇ ਸੁਰੱਖਿਆ ਬਲ ਮੁੜ ਆਹਮੋ-ਸਾਹਮਣੇ ਹਨ। ਕਿਸਾਨਾਂ ਵੱਲੋਂ ਬੈਰੀਕੇਡ ਤੋੜਨ ਲਈ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਨੌਜਵਾਨਾਂ ਨੂੰ ਅੱਗੇ ਨਾ ਵਧਣ ਦੀ ਅਪੀਲ ਕੀਤੀ ਹੈ। ਸ਼ੰਭੂ ਸਰਹੱਦ 'ਤੇ ਹੰਗਾਮੇ ਦੌਰਾਨ ਪੰਧੇਰ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇ ਦਿੰਦੀ ਹੈ ਤਾਂ ਪ੍ਰਦਰਸ਼ਨਕਾਰੀ ਅੱਗੇ ਨਹੀਂ ਵਧਣਗੇ। ਉਨ੍ਹਾਂ ਧਰਨਾਕਾਰੀਆਂ ਨੂੰ ਕਿਹਾ ਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਆਏ ਹਨ ਤੇ ਉਨ੍ਹਾਂ ਨੇ ਮੁੜ ਗੱਲਬਾਤ ਲਈ ਕਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਦਿੱਲੀ ਕੂਚ ਪਹਿਲਾਂ ਸ਼ੰਭੂ ਸਰਹੱਦ ਨੇੜੇ ਪ੍ਰਸ਼ਾਸਨ ਤੇ ਕਿਸਾਨਾਂ ਦੀ ਹੰਗਾਮੀ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਦੇ ਇਸ ਆਖ਼ਰੀ ਦੌਰ ਵਿੱਚ ਪ੍ਰਸ਼ਾਸਨ ਕੇਂਦਰ ਦੀ ਤਰਫ਼ੋਂ ਕਿਸਾਨਾਂ ਨੂੰ ਸੁਨੇਹਾ ਦੇ ਸਕਦਾ ਹੈ। ਇਸ ਸਬੰਧੀ ਕਿਸਾਨ ਆਗੂਆਂ ਵੱਲੋਂ ਸ਼ੰਭੂ ਬਾਰਡਰ ਦੇ ਮੰਚ ਤੋਂ ਐਲਾਨ ਵੀ ਕੀਤਾ ਗਿਆ ਹੈ।
ਉਧਰ, ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਹਰਿਆਣਾ ਸਰਕਾਰ ਹਾਈਕੋਰਟ ਪਹੁੰਚ ਗਈ ਹੈ। ਹਰਿਆਣਾ ਸਰਕਾਰ ਨੇ ਹਾਈਕੋਰਟ ਨੂੰ ਪੰਜਾਬ ਸਰਕਾਰ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਮੋਡੀਫਾਈਡ ਟਰੈਕਟਰ ਟਰਾਲੀਆਂ ਨਾਲ ਸ਼ੰਭੂ ਸਰਹੱਦ 'ਤੇ ਪਹੁੰਚੇ ਹਨ। ਇਸ ਨਾਲ ਕਾਨੂੰਨ ਵਿਵਸਥਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਪੰਜਾਬ ਸਰਕਾਰ ਨੂੰ ਇਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਭਾਰੀ ਮਸ਼ੀਨਾਂ ਦੇ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ। ਹਰਿਆਣਾ ਪੁਲਿਸ ਨੇ ਕਿਹਾ ਕਿ ਜੇਕਰ ਕਿਸਾਨ ਪ੍ਰਦਰਸ਼ਨ ਵਿੱਚ ਜੇਸੀਬੀ ਜਾਂ ਪੋਕਲੇਨ ਵਰਗੀਆਂ ਮਸ਼ੀਨਾਂ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਨੂੰ ਤੁਰੰਤ ਆਪਣੀਆਂ ਮਸ਼ੀਨਾਂ ਅੰਦੋਲਨ ਤੋਂ ਵਾਪਸ ਲੈ ਕੇ ਜਾਣ ਲਈ ਕਿਹਾ ਗਿਆ ਹੈ।