ਰਾਹੁਲ ਕਾਲਾ ਦੀ ਰਿਪੋਰਟ
ਚੰਡੀਗੜ੍ਹ: ਖੇਤੀਬਾੜੀ ਬਿੱਲਾਂ ਖ਼ਿਲਾਫ਼ ਨਿੱਤਰੇ ਕਾਂਗਰਸ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਤਿੱਖੇ ਨਿਸ਼ਾਨੇ ਲਗਾਏ ਹਨ। ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਨੂੰ ਬੇਵਕੂਫ ਬਣਾ ਰਿਹਾ ਹੈ। ਸਾਢੇ ਚਾਰ ਮਹੀਨੇ ਪਹਿਲਾਂ ਸੁਖਬੀਰ ਬਾਦਲ ਕਹਿੰਦੇ ਸੀ ਕਿ ਖੇਤੀਬਾੜੀ ਆਰਡੀਨੈਂਸ ਕਿਸਾਨ ਪੱਖੀ ਹੈ ਤੇ ਹੁਣ ਉਹੀ ਸੁਖਬੀਰ ਬਾਦਲ ਬਿੱਲਾਂ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਬਿੱਲਾਂ ਤੇ ਅਕਾਲੀ ਦਲ ਹਾਲੇ ਤੱਕ ਆਪਣਾ ਸਟੈਂਡ ਕਲੀਅਰ ਨਹੀਂ ਕਰ ਸਕਿਆ ਹਰਸਿਮਰਤ ਕੌਰ ਬਾਦਲ ਕਹਿੰਦੀ ਹੈ, "ਮੈਂ ਬਿੱਲਾਂ ਦੇ ਵਿਰੋਧ ਵਿੱਚ ਨਹੀਂ ਹਾਂ" ਕਿਸਾਨ ਇਸ ਦੀ ਖ਼ਿਲਾਫ਼ਤ ਕਰ ਰਹੇ ਹਨ। ਅਕਾਲੀ ਦਲ ਹਾਲੇ ਵੀ ਦੋਗਲੀ ਰਾਜਨੀਤੀ ਕਰ ਰਿਹਾ ਹੈ ਜੇਕਰ ਕਿਸਾਨਾਂ ਦੇ ਹੱਕ ਵਿੱਚ ਹਨ ਤਾਂ ਅਕਾਲੀ ਦਲ ਭਾਜਪਾ ਨਾਲੋਂ ਨਾਤਾ ਕਿਉਂ ਨਹੀਂ ਤੋੜ ਦਿੰਦਾ।
ਬਾਜਵਾ ਨੇ ਸਵਾਲ ਪੁੱਛਿਆ ਕਿ ਵਿਧਾਨ ਸਭਾ ਇਜਲਾਸ 'ਚ ਜਦੋਂ ਖੇਤੀਬਾੜੀ ਆਰਡੀਨੈਂਸਾਂ ਖ਼ਿਲਾਫ਼ ਮਤਾ ਲਿਆਂਦਾ ਸੀ ਤਾਂ ਅਕਾਲੀ ਦਲ ਗ਼ੈਰਹਾਜ਼ਰ ਕਿਉਂ ਰਿਹਾ? ਉਨ੍ਹਾਂ ਅੱਗੇ ਕਿਹਾ ਕਿ ਉਦੋਂ ਤਾਂ ਸੁਖਬੀਰ ਸਿੰਘ ਬਾਦਲ ਨੇ ਆਰਡੀਨੈਂਸਾਂ ਦੇ ਇੱਕ ਇੱਕ ਫ਼ਾਇਦੇ ਗਿਣਾ ਕੇ ਦੱਸੇ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਦੇ ਹੱਕ ਵਿੱਚ ਬਿਆਨ ਦਿੱਤਾ।
ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸਟੈਂਡ ਸਪੱਸ਼ਟ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰ ਰਹੇ ਸੀ ਹੁਣ ਵੀ ਕਿਸਾਨਾਂ ਨਾਲ ਖੜ੍ਹੇ ਹਨ। ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 25 ਸਤੰਬਰ ਨੂੰ ਕਿਸਾਨਾਂ ਨੂੰ ਸਮਰਥਨ ਦੇਣਾ ਹੈ ਜਾਂ ਨਹੀਂ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫੈਸਲਾ ਹੈ। ਪਰ ਮੈਂ ਕਿਸਾਨਾਂ ਦੀ ਹਮਾਇਤ ਜ਼ਰੂਰ ਕਰਾਂਗਾ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੂੰ ਤ੍ਰਿਪਤ ਰਜਿੰਦਰ ਬਾਜਵਾ ਨੇ ਗ਼ਲਤ ਕਰਾਰ ਦਿੱਤਾ ਹੈ।