ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਾਂਗਰਸੀਆਂ 'ਤੇ ਨਸ਼ੇ ਵਿਕਵਾਉਣ 'ਚ ਹਿੱਸੇਦਾਰੀ ਹੋਣ ਦੇ ਦੋਸ਼ਾਂ ਤੋਂ ਬਾਅਦ ਕੈਪਟਨ ਸਰਕਾਰ ਵਿੱਚ ਖਲਬਲੀ ਮੱਚ ਗਈ ਹੈ। ਕੈਪਟਨ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੁਖਬੀਰ ਬਾਦਲ ਨੂੰ ਚੁਨੌਤੀ ਦਿੱਤੀ ਹੈ ਕਿ ਉਹ ਅਜਿਹੇ ਕਾਂਗਰਸੀਆਂ ਦਾ ਖੁਲਾਸਾ ਕਰਨ ਉਹ ਕਾਰਵਾਈ ਕਰਵਾਉਣਗੇ।


'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਸਿਰਫ ਸਿਆਸੀ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਦੇ ਬਿਆਨ ਸੱਚੇ ਹਨ ਤਾਂ ਉਹ ਦੂਸ਼ਣਬਾਜ਼ੀ ਦੀ ਬਜਾਏ ਅਜਿਹੇ ਲੀਡਰਾਂ ਦਾ ਨਾਂਅ ਦੱਸਣ, ਸਰਕਾਰ ਉਨ੍ਹਾਂ 'ਤੇ ਕਾਰਵਾਈ ਕਰੇਗੀ।

ਬਾਜਵਾ ਨੇ ਇਹ ਵੀ ਕਿਹਾ ਕਿ ਹੁਣ 532 ਕਿੱਲੋ ਹੈਰੋਇਨ ਮਾਮਲੇ ਦੀ ਜਾਂਚ ਕੇਂਦਰ ਕੋਲ ਹੈ, ਜੇਕਰ ਪੰਜਾਬ ਸਰਕਾਰ ਨੂੰ ਸੁਖਬੀਰ ਬਾਦਲ ਕੁਝ ਨਹੀਂ ਦੱਸਣਾ ਜਾਂਦੇ ਤਾਂ ਐਨਆਈਏ ਨੂੰ ਦੱਸ ਕੇ ਇਸ ਦਾ ਖੁਲਾਸਾ ਕਰ ਦੇਣ। ਬਾਜਵਾ ਨੇ ਪਿਛਲੀ ਅਕਾਲੀ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ 10 ਸਾਲ ਵਿੱਚ ਪੰਜਾਬ ਵਿੱਚ ਜੋ ਨਸ਼ਾ ਫੈਲਿਆ ਕਾਂਗਰਸ ਸਰਕਾਰ ਉਸ ਨੂੰ ਲਗਾਤਾਰ ਸਮੇਟਣ ਦੀ ਕੋਸ਼ਿਸ਼ ਕਰ ਰਹੀ ਹੈ।