ਚੰਡੀਗੜ੍ਹ: ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਨਾ ਜਾਣ ਦੀ ਨਸੀਹਤ ਦੇਣ ਵਾਲੇ ਬਿਆਨ ਤੋਂ ਬਾਅਦ ਉਨ੍ਹਾਂ ਦੇ ਸਾਥੀ ਨੇ ਸਿੱਧੂ 'ਤੇ ਹੋਣ ਵਾਲੇ ਸੰਭਾਵੀ ਸਵਾਲਾਂ ਨੂੰ ਠੱਲ੍ਹ ਦਿੱਤਾ ਹੈ। ਇਹ ਉਹ ਸਾਥੀ ਹਨ, ਜਿਨ੍ਹਾਂ ਕਈ ਵਾਰ ਸਿੱਧੂ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ ਹਨ, ਪਰ ਇਸ ਵਾਰ ਉਨ੍ਹਾਂ ਸਿੱਧੂ ਦਾ ਪੱਖ ਪੂਰਿਆ ਹੈ।


ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਨੇ ਸਿੱਧੂ ਨੂੰ ਸਲਾਹ ਦਿੱਤੀ ਗਈ ਸੀ ਤੇ ਨਵਜੋਤ ਸਿੱਧੂ ਆਪਣੇ ਨਿਜੀ ਦੌਰੇ 'ਤੇ ਪਾਕਿਸਤਾਨ ਗਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਜੋ ਵੀ ਕਰ ਰਹੇ ਹਨ, ਉਹ ਨਿੱਜੀ ਤੌਰ 'ਤੇ ਕਰ ਰਹੇ ਹਨ ਨਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਦੀ ਹੈਸੀਅਤ ਨਾਲ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖ਼ੁਦ ਪਾਕਿਸਤਾਨ ਨਾ ਜਾਣ ਤੇ ਆਪਣੇ ਮੰਤਰੀ ਦੇ ਪਾਕਿ ਜਾਣ 'ਤੇ ਸਵਾਲ ਉੱਠੇ ਸਨ ਤਾਂ ਕੈਪਟਨ ਨੇ ਸਾਫ਼ ਕੀਤਾ ਸੀ ਕਿ ਉਨ੍ਹਾਂ ਸਿੱਧੂ ਨੂੰ ਪਾਕਿਸਤਾਨ ਦੌਰੇ ਦੀ ਨਜ਼ਰਸਾਨੀ ਕਰਨ ਲਈ ਕਿਹਾ ਸੀ। ਇਸ 'ਤੇ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੱਦਾ ਮਿਲਿਆ ਸੀ, ਜਿਸ ਕਰਕੇ ਉਨ੍ਹਾਂ ਠੁਕਰਾ ਦਿੱਤਾ। ਜਦਕਿ ਸਿੱਧੂ ਨੂੰ ਇਹ ਸੱਦਾ ਨਿੱਜੀ ਪੱਧਰ 'ਤੇ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਕੈਪਟਨ ਨੇ ਵੀ ਇਹ ਕਿਹਾ ਸੀ ਕਿ ਸਿੱਧੂ ਨੂੰ ਕੈਬਨਿਟ ਮੰਤਰੀ ਦੇ ਤੌਰ 'ਤੇ ਸੱਦਾ ਨਹੀਂ ਮਿਲਿਆ।

ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੜੇ ਸੱਚੇ ਸਿੱਖ ਹਨ ਪਰ ਉਨ੍ਹਾਂ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਨੂੰ ਅੱਗੇ ਰੱਖਦੇ ਹੋਏ ਇਹ ਸੱਦਾ ਪ੍ਰਵਾਨ ਨਹੀਂ ਕੀਤਾ। ਨਵਜੋਤ ਸਿੱਧੂ ਇਸ ਸਮੇਂ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਾਕਿਸਤਾਨ ਗਏ ਹੋਏ ਹਨ। ਇਸੇ ਸਾਲ ਇਹ ਸਿੱਧੂ ਦਾ ਦੂਜਾ ਪਾਕਿਸਤਾਨ ਦੌਰਾ ਹੈ ਤੇ ਕੁਝ ਹੀ ਸਮੇਂ ਬਾਅਦ ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਗਲਿਆਰੇ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਵੀ ਕਰੇਗੀ।