ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਚੰਨੀ ਸਰਕਾਰ ਲਈ ਮੁਸੀਬਤ ਬਣਦੀ ਜਾ ਰਹੀ ਹੈ। ਇਸ ਭਰਤੀ ਵਿੱਚ ਵੱਡੇ ਘਪਲੇ ਦੀ ਚਰਚਾ ਮਗਰੋਂ ਨੌਜਵਾਨਾਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਇਹ ਸੰਘਰਸ਼ ਚੰਨੀ ਸਰਕਾਰ ਲਈ ਸਿਰਦਰਦੀ ਬਣ ਸਕਦਾ ਹੈ। ਇਸ ਬਾਰੇ ਉਮੀਦਵਾਰਾਂ ਨੇ ਵੀਰਵਾਰ ਨੂੰ ਮੋਗਾ ਵਿੱਚ ਸੂਬਾਈ ਮੀਟਿੰਗ ਕੀਤੀ। ਇਸ ਮੌਕੇ ਸੰਯੁਕਤ ਬੇਰੁਜ਼ਗਾਰ ਸੰਘਰਸ਼ ਮੋਰਚੇ ਦੀ 19 ਮੈਂਬਰੀ ਸੂਬਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ।


ਇਸ ਮਗਰੋਂ ਕਮੇਟੀ ਨੇ ਘਪਲੇ ਖ਼ਿਲਾਫ਼ ਅੱਜ ਜਲੰਧਰ ਦੇ ਪੀਏਪੀ ਚੌਕ ਵਿੱਚ ਸੂਬਾ ਪੱਧਰੀ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਬੇਰੁਜ਼ਗਾਰ ਸੰਘਰਸ਼ ਮੋਰਚਾ ਦੇ ਕਨਵੀਨਰ ਕਿਰਪਾਲ ਸਿੰਘ, ਗੁਰਸੇਵਕ ਸਿੰਘ ਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ ਨੇ ਦੱਸਿਆ ਪੁਲਿਸ ਸਿਪਾਹੀ ਦੀ ਭਰਤੀ ਲਈ ਪਹਿਲਾਂ ਬਾਰ੍ਹਵੀਂ ਦੀ ਮੈਰਿਟ ਦੇ ਆਧਾਰ ’ਤੇ ਟਰਾਇਲ ਲੈ ਕੇ ਭਰਤੀ ਕੀਤੀ ਜਾਂਦੀ ਸੀ ਪਰ ਸਰਕਾਰ ਨੇ ਹੁਣ ਪੇਪਰ ਦੀ ਸ਼ਰਤ ਰੱਖ ਦਿੱਤੀ ਹੈ।


ਇਸ ਤਰ੍ਹਾਂ ਪੇਪਰ ਦੇ ਨਤੀਜੇ ਅਨੁਸਾਰ ਜਾਰੀ ਹੋਈਆਂ ਸੂਚੀਆਂ ਵਿੱਚੋਂ ਬਹੁਤੇ ਉੱਚ ਮੈਰਿਟ ਵਾਲੇ ਨੌਜਵਾਨਾਂ ਨੂੰ ਵੀ ਬਾਹਰ ਰੱਖਿਆ ਗਿਆ ਹੈ ਤੇ ਕਈ ਘੱਟ ਮੈਰਿਟ ਵਾਲਿਆਂ ਦੇ ਨਾਮ ਵੀ ਸੂਚੀ ਵਿੱਚ ਸ਼ਾਮਲ ਕਰ ਲਏ ਗਏ ਹਨ। ਆਗੂਆਂ ਨੇ ਇਸ ਕਥਿਤ ਹਾਈਟੈੱਕ ਧੋਖਾਧੜੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ 25-30 ਫ਼ੀਸਦੀ ਵਾਲੇ ਬਿਨੈਕਾਰਾਂ ਨੂੰ ਟਰਾਇਲ ’ਚ ਸ਼ਾਮਲ ਕਰਕੇ ਯੋਗ ਉਮੀਦਵਾਰਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਤੇ ਮੈਰਿਟ ਸੂਚੀ ਜਨਤਕ ਕੀਤੀ ਜਾਵੇ।


ਸੂਬਾ ਕਮੇਟੀ ਵਿੱਚ ਬਲਜਿੰਦਰ ਕੁਮਾਰ, ਅਮਨਪ੍ਰੀਤ ਕੌਰ, ਮਨਦੀਪ ਸਿੰਘ, ਪ੍ਰਭਜੀਤ ਸਿੰਘ, ਸੰਦੀਪ ਕੌਰ, ਥਾਣੇਦਾਰ ਸਿੰਘ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਗੁਰਸੇਵਕ ਸਿੰਘ, ਲਖਵੀਰ ਸਿੰਘ, ਗੁਰਭੇਜ ਸਿੰਘ, ਰਾਮ ਸ਼ਾਹ, ਕਰਮਜੀਤ ਕੋਟਕਪੂਰਾ, ਸੁਮਿਤ, ਜਪਦੀਪ, ਵੀਰਪਾਲ ਕੌਰ ਤੇ ਰਮਨਜੋਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ।



ਇਹ ਵੀ ਪੜ੍ਹੋ: Punjab Election 2022: ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਮਗਰੋਂ ਵਿਧਾਇਕ ਕੰਵਰ ਸੰਧੂ ਦਾ ਵੱਡਾ ਐਲਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904