ਮੁਹਾਲੀ: ਕੋਰੋਨਾ ਸੰਕਟ ਦੌਰਾਨ ਜਿੱਥੇ ਪੁਲਿਸ ਵਿਭਾਗ ਦੀ ਕਿਤੇ ਵਾਹ-ਵਾਹ ਹੁੰਦੀ ਦਿਖਾਈ ਦਿੰਦੀ ਹੈ ਤਾਂ ਕਿਤੇ ਪੁਲਿਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਸੁਰਖੀਆਂ ਦਾ ਵਿਸ਼ਾ ਬਣਦੀ ਹੈ। ਅਜਿਹੇ ਚ ਮੁਹਾਲੀ ਦੇ 3B1 ਫੇਜ਼ 'ਚ ਪੁਲੀਸ ਮੁਲਾਜ਼ਮਾਂ ਵੱਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਅਤੇ ਦੁੱਧ ਦਾ ਕਰੇਟ ਚੁੱਕ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Continues below advertisement


ਇਹ ਘਟਨਾ ਬਜ਼ਾਰ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ ਹੈ। ਇਸ 'ਤੇ ਐਸਐਸਪੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੀਸੀਆਰ ਡਿਊਟੀ ’ਤੇ ਤਾਇਨਾਤ ਇਕੋ ਨਾਂ (ਜਸਵੀਰ ਸਿੰਘ) ਦੇ ਦੋ ਸਹਾਇਕ ਸਬ ਇੰਸਪੈਰਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ।


ਮਾਰਕੀਟ ਦੇ ਕਾਰਜਕਾਰੀ ਪ੍ਰਧਾਨ ਰਤਨ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ ਸਾਢੇ 5 ਵਜੇ ਪੀਸੀਆਰ ਦੀ ਗੱਡੀ ਮਾਰਕੀਟ ਦੇ ਬਾਹਰ ਆ ਕੇ ਰੁਕੀ, ਜਿਸ 'ਚ ਦੋ ASI ਸਵਾਰ ਸਨ। ਇਕ ਥਾਣੇਦਾਰ ਨੇ ਵਰਦੀ ਦਾ ਕਥਿਤ ਰੋਅਬ ਝਾੜਦਿਆਂ ਜ਼ਬਰਦਸਤੀ ਦੁਕਾਨਾਂ ਬੰਦ ਕਰਨ ਲਈ ਆਖਦਿਆਂ ਦੁਕਾਨਾਂ ਦੇ ਅੱਗੇ ਪਿਆ ਸਾਮਾਨ ਚੁੱਕ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ।


ਹਾਲਾਂਕਿ ਪੰਜਾਬ ਸਰਕਾਰ ਦੇ ਹੁਕਮਾਂ ਵਿੱਚ ਸਾਫ਼ ਲਿਖਿਆ ਹੋਇਆ ਸੀ ਕਿ ਕੈਮਿਸਟ, ਕਰਿਆਨਾ ਅਤੇ ਕਨਫੈਕਸ਼ਨਰੀ ਦੀਆਂ ਦੁਕਾਨਾਂ ਸ਼ਾਮ ਸੱਤ ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ। ਪਰ ਇਸ ਦੇ ਬਾਵਜੂਦ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਦੁਕਾਨਦਾਰਾਂ ਦੀ ਇਕ ਨਾ ਸੁਣੀ। ਇਸ ਦੌਰਾਨ ASI ਨੇ ਅੰਕੁਸ਼ ਕਰਿਆਨਾ ਸਟੋਰ ਦੇ ਬਾਹਰੋਂ ਦੁੱਧ ਦਾ ਕਰੇਟ ਚੁੱਕ ਕੇ ਪੀਸੀਆਰ ਗੱਡੀ ਵਿੱਚ ਰੱਖ ਲਿਆ ਅਤੇ ਦੁਕਾਨਦਾਰਾਂ ਨੂੰ ਮੰਦਾ ਬੋਲਣ ਦੇ ਵੀ ਇਲਜ਼ਾਮ ਹਨ।


ਪੀਸੀਆਰ ਡਿਊਟੀ ’ਤੇ ਤਾਇਨਾਤ ਦੋਵੇਂ ਏਐਸਆਈ ਜਿੰਨ੍ਹਾਂ ਦਾ ਨਾਂਅ ਜਸਵੀਰ ਸਿੰਘ ਹੈ, ਨੂੰ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਸਮੂਹ ਪੁਲੀਸ ਮੁਲਾਜ਼ਮਾਂ ਖਾਸ ਕਰਕੇ ਪੀਸੀਆਰ ਜਵਾਨਾਂ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਜੇਕਰ ਦੁਬਾਰਾ ਅਜਿਹੀ ਕੋਈ ਘਟਨਾ ਵਾਪਰੀ ਤਾਂ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।