ਚੰਡੀਗੜ੍ਹ: ਕੁੜੀਆਂ ਨੂੰ ਨਸ਼ਿਆਂ ਵਿੱਚ ਧੱਕਣ ਦੇ ਦੋਸ਼ ਵਿੱਚ ਕੈਪਟਨ ਸਰਕਾਰ ਨੇ ਡੀਐਸਪੀ ਸਮੇਤ ਦੋ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਲਾਂਭੇ ਕਰ ਦਿੱਤਾ ਹੈ। ਫ਼ਿਰੋਜ਼ਪੁਰ ਦੇ ਉਪ ਪੁਲਿਸ ਕਪਤਾਨ ਦਲਜੀਤ ਸਿੰਘ ਢਿੱਲੋਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤਹਿਤ ਬਰਤਰਫ਼ ਕੀਤਾ ਗਿਆ ਹੈ। ਮੁੱਖ ਮੰਤਰੀ ਦੇ ਮੀਡੀ ਸਲਾਹਕਾਰ ਨੇ ਟਵੀਟ ਕਰਕੇ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ।


https://twitter.com/RT_MediaAdvPbCM/status/1013814347754299393

ਡੀਐਸਪੀ ਨੂੰ ਬੀਤੀ 28 ਜੂਨ ਨੂੰ ਮੁਅੱਤਲ ਕੀਤਾ ਗਿਆ ਸੀ। ਜਲੰਧਰ ਵਿੱਚ ਸੁਖਪਾਲ ਖਹਿਰਾ ਤੇ ਸਿਰਮਜੀਤ ਬੈਂਸ ਨਾਲ ਆਈ ਇੱਕ ਕੁੜੀ ਨੇ ਡੀਐਸਪੀ 'ਤੇ ਪ੍ਰੈਸ ਕਾਨਫਰੰਸ ਕਰ ਨਸ਼ੇ ਵਿੱਚ ਧੱਕਣ ਤੇ ਸ਼ਰੀਰਕ ਸੋਸ਼ਣ ਦੇ ਇਲਜ਼ਾਮ ਲਾਏ ਸਨ। ਇਸ ਤੋਂ ਪਹਿਲਾਂ ਇਸੇ ਕੁੜੀ ਨੂੰ ਕਪੂਰਥਲਾ ਵਿੱਚ ਔਰਤਾਂ ਲਈ ਬਣਾਏ ਨਸ਼ਾ ਛੁਡਾਊ ਕੇਂਦਰ ਦੇ ਉਦਘਾਟਲ ਲਈ ਦਾਖ਼ਲ ਕੀਤਾ ਗਿਆ ਸੀ ਤੇ ਉਸ ਨੇ ਮੰਤਰੀ ਬ੍ਰਹਮ ਮਹਿੰਦਰਾ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਸਾਹਮਣੇ ਵੀ ਡੀਐਸਪੀ ਦਲਜੀਤ ਸਿੰਘ ਦਾ ਨਾਂਅ ਲਿਆ ਸੀ।

ਇਸ ਤੋਂ ਬਾਅਦ ਕੈਪਟਨ ਸਰਕਾਰ 'ਤੇ ਦਬਾਅ ਕਾਫੀ ਵਧ ਗਿਆ ਸੀ ਅਤੇ ਉਨ੍ਹਾਂ ਪਹਿਲਾਂ ਮੁਅੱਤਲੀ ਤੇ ਬੀਤੇ ਕੱਲ੍ਹ ਬਰਖ਼ਾਸਤਗੀ ਦੇ ਹੁਕਮ ਜਾਰੀ ਕੀਤੇ ਹਨ। ਢਿੱਲੋਂ ਵਿਰੁੱਧ ਪੰਜਾਬ ਪੁਲਿਸ ਅਕਾਦਮੀ, ਫ਼ਿਲੌਰ ਦੀ ਨਿਰਦੇਸ਼ਕਾ ਅਨੀਤਾ ਪੁੰਜ ਨੇ ਜਾਂਚ ਕੀਤੀ ਸੀ ਤੇ ਉਹ ਦੋਸ਼ੀ ਪਾਇਆ ਗਿਆ। ਉਨ੍ਹਾਂ ਦੀ ਰਿਪੋਰਟ ਅਤੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਕੈਪਟਨ ਸਰਕਾਰ ਨੇ ਪੁਲਿਸ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਹੈ।

ਦੂਜੇ ਪਾਸੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਹੈੱਡ ਕਾਂਸਟੇਬਲ ਇੰਦਰਜੀਤ ਸਿੰਘ ਨੂੰ ਬਰਖ਼ਾਸਤਗੀ ਦੇ ਹੁਕਮ ਭੇਜੇ ਹਨ। ਇੰਦਰਜੀਤ ਸਤੰਬਰ 2017 ਤੋਂ ਹੀ ਮੁਅੱਤਲ ਆ ਰਿਹਾ ਸੀ। ਉਸ ਉੱਪਰ ਔਰਤ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਸਰੀਰਿਕ ਸੋਸ਼ਣ ਕਰਨ ਦਾ ਦੋਸ਼ ਸਹੀ ਪਾਇਆ ਗਿਆ।