ਨਵੀਂ ਦਿੱਲੀ: ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਹੈ। ਇਸਦੇ ਨਾਲ ਹੀ ਉੱਥੇ ਦੋ ਉਪ ਮੁੱਖ ਮੰਤਰੀ ਵੀ ਬਣਾਏ ਜਾਣਗੇ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ 'ਚ ਰਾਏ ਬਣਾਈ ਗਈ ਹੈ ਕਿ ਦੋ ਉਪ ਮੁੱਖ ਮੰਤਰੀ ਵੀ ਬਣਾਏ ਜਾਣਗੇ। ਦੋ ਉਪ ਮੁੱਖ ਮੰਤਰੀ ਕੌਣ ਹੋਣਗੇ, ਇਹ ਹੁਣ ਤੈਅ ਹੋ ਗਿਆ ਹੈ। ਪਹਿਲਾਂ ਸੋਮਵਾਰ ਨੂੰ ਮੁੱਖ ਮੰਤਰੀ ਸਵੇਰੇ 11 ਵਜੇ ਸਹੁੰ ਚੁੱਕਣਗੇ, ਫਿਰ ਕੈਬਨਿਟ ਮੰਤਰੀਆਂ ਬਾਰੇ ਫੈਸਲਾ ਕੀਤਾ ਜਾਵੇਗਾ।
ਨਾਲ ਹੀ, ਹਰੀਸ਼ ਰਾਵਤ ਨੇ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਦੇ ਨਾਂ 'ਤੇ ਹਰ ਕੋਈ ਸਹਿਮਤ ਹੈ। ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਫੈਸਲਾ ਨਵਜੋਤ ਸਿੰਘ ਸਿੱਧੂ ਦੀ ਸਹਿਮਤੀ ਨਾਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਂ ਅਮਰਿੰਦਰ ਸਿੰਘ ਨੂੰ ਮਿਲਣ ਜਾਵਾਂਗਾ, ਕੈਪਟਨ ਅਮਰਿੰਦਰ ਪਾਰਟੀ ਦੇ ਸੀਨੀਅਰ ਨੇਤਾ ਹਨ, ਉਨ੍ਹਾਂ ਨੂੰ ਨਾਲ ਲੈ ਕੇ ਚਲਾਂਗੇ।
ਰਾਵਤ ਨੇ ਇਹ ਵੀ ਦੱਸਿਆ ਕਿ ਸੁਖਜਿੰਦਰ ਰੰਧਾਵਾ ਦਾ ਨਾਂ ਕਿਤੇ ਵੀ ਫਾਈਨਲ ਨਹੀਂ ਸੀ, ਮੀਡੀਆ ਨੇ ਉਨ੍ਹਾਂ ਦਾ ਨਾਂਅ ਅੱਗੇ ਵਧਾਇਆ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਨੀਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਨੇ ਪੰਜਾਬ 'ਚ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਸੰਘਰਸ਼ ਕੀਤਾ। ਨਵੇਂ ਮੁੱਖ ਮੰਤਰੀ ਤੋਂ ਇਲਾਵਾ, ਅਮਰਿੰਦਰ ਸਿੰਘ ਦੀ ਥਾਂ ਦੋ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਕਾਂਗਰਸ ਵੱਲੋਂ ਪਹਿਲਾਂ ਹੀ ਪ੍ਰਗਟ ਕੀਤੀ ਜਾ ਰਹੀ ਸੀ। ਹਾਲਾਂਕਿ, ਸੂਤਰਾਂ ਨੇ ਕਿਹਾ ਸੀ ਕਿ ਡਿਪਟੀ ਦੇ ਨਾਂ ਇਸ ਗੱਲ 'ਤੇ ਨਿਰਭਰ ਕਰਨਗੇ ਕਿ ਟੌਪ ਦੇ ਅਹੁਦੇ ਲਈ ਕਿਸ ਨੂੰ ਮਨਜ਼ੂਰੀ ਮਿਲਦੀ ਹੈ।
ਚਰਨਜੀਤ ਸਿੰਘ ਚੰਨੀ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਨੂੰ ਲੈ ਕੇ ਹਲਚਲ ਦੁਪਹਿਰ ਤੋਂ ਹੀ ਤੇਜ਼ ਹੋ ਗਈ ਸੀ। ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਸਮੇਤ ਕਾਂਗਰਸੀ ਵਿਧਾਇਕ ਅਤੇ ਆਗੂ ਦੁਪਹਿਰ ਵੇਲੇ ਜੇ ਡਬਲਯੂ ਮੈਰੀਅਟ ਪਹੁੰਚੇ। ਹਰੀਸ਼ ਰਾਵਤ ਅਤੇ ਅਜੇ ਮਾਕਨ ਪਹਿਲਾਂ ਹੀ ਉੱਥੇ ਮੌਜੂਦ ਸੀ।
ਸੂਤਰਾਂ ਮੁਤਾਬਕ ਮੀਟਿੰਗ ਵਿੱਚ ਸੁਖਜਿੰਦਰ ਰੰਧਾਵਾ ਦੇ ਨਾਂ ਬਾਰੇ ਸਹਿਮਤੀ ਬਣਾਉਣ ਲਈ ਜਦੋਜਹਿਦ ਕੀਤੀ ਜਾ ਰਹੀ ਸੀ। ਪਰ ਕੁਝ ਵਿਧਾਇਕ ਰੰਧਾਵਾ ਦਾ ਵਿਰੋਧ ਕਰ ਰਹੇ ਸੀ। ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਚੋਣ ਸਬੰਧੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ, ਪਰ ਕੁਝ ਸਮੇਂ ਬਾਅਦ ਮੀਟਿੰਗ ਵਿੱਚ ਲਿਆ ਗਿਆ ਫੈਸਲਾ ਸਾਹਮਣੇ ਆਇਆ ਅਤੇ ਚਰਨਜੀਤ ਚੰਨੀ ਨੂੰ ਪੰਜਾਬ ਕਾਂਗਰਸ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ।
ਕਿਹਾ ਜਾ ਰਿਹਾ ਹੈ ਕਿ ਕੁਝ ਵਿਧਾਇਕ ਰੰਧਾਵਾ ਦੇ ਨਾਂ 'ਤੇ ਸਹਿਮਤ ਨਹੀਂ ਸੀ ਅਤੇ ਕਾਂਗਰਸ ਹਾਈ ਕਮਾਂਡ ਅਜਿਹਾ ਨੇਤਾ ਚਾਹੁੰਦੀ ਸੀ ਜਿਸ ਨੂੰ ਪਾਰਟੀ ਵਿੱਚ ਵੱਧ ਤੋਂ ਵੱਧ ਅੰਦਰੂਨੀ ਸਮਰਥਨ ਮਿਲੇ। ਜਦੋਂ ਰੰਧਾਵਾ ਦੇ ਨਾਂ 'ਤੇ ਪੂਰੀ ਤਰ੍ਹਾਂ ਸਹਿਮਤੀ ਨਹੀਂ ਹੋਈ ਤਾਂ ਪਾਰਟੀ ਹਾਈਕਮਾਂਡ ਨੇ ਚੰਨੀ ਦਾ ਨਾਂ ਅੱਗੇ ਭੇਜ ਦਿੱਤਾ।
ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਤੋਂ ਬਾਅਦ ਇਸ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਦੇ ਫੈਸਲੇ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਾਰੇ ਵਿਧਾਇਕਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਚੰਨੀ ਮੇਰਾ ਭਰਾ ਹੈ।
ਦੂਜੇ ਪਾਸੇ, ਸੀਨੀਅਰ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਵਿਧਾਇਕ ਦਲ ਦੇ ਨਵੇਂ ਨੇਤਾ ਚੁਣੇ ਜਾਣ 'ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਉਹ ਸਰਹੱਦ ਅਤੇ ਪੰਜਾਬ ਦੇ ਲੋਕਾਂ ਦੀ ਰੱਖਿਆ ਕਰਨ ਦੇ ਸਮਰੱਥ ਹੋਣਗੇ।
ਇਹ ਵੀ ਪੜ੍ਹੋ: CSK vs MI: ਚੇਨਈ ਨੇ ਜਿੱਤ ਨਾਲ ਕੀਤੀ ਦੂਜੇ ਹਾਫ ਦੀ ਸ਼ੁਰੂਆਤ, ਮੁੰਬਈ ਤੋਂ ਲਿਆ ਪਿਛਲੀ ਹਾਰ ਦਾ ਬਦਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin