ਗੁਰਦਾਸਪੁਰ : ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਹਵਾਲਾਤੀਆਂ ਦੇ ਦੋ ਗੁਟਾਂ ਵਿੱਚ ਜ਼ਬਰਦਸਤ ਝਗੜਾ ਹੋਇਆ ,ਜਿਸ ਵਿੱਚ ਇੱਕ ਧਿਰ ਦੇ 7 ਹਵਾਲਾਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਬੈਰਕ ਨੰਬਰ 9 ਅਤੇ 10 ਦੀਆਂ ਚੱਕੀਆਂ ਦੇ ਕੁਝ ਹਵਾਲਾਤੀਆਂ ਦੀ ਦੋ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬੈਰਕ ਨੰਬਰ 4 ਦੇ ਕੁਝ ਹਵਾਲਾਤੀਆਂ ਨਾਲ ਝੜਪ ਹੋਈ ਸੀ। ਉਸ ਦੇ ਸਿੱਟੇ ਵਜੋਂ ਹੀ ਅੱਜ 9 ਅਤੇ 10 ਨੰਬਰ ਬੈਰਕ ਦੇ ਹਵਾਲਾਤੀਆਂ ਨੇ ਇਕੱਠੇ ਹੋ ਕੇ ਬੈਰਕ ਨੰਬਰ 4 ਦੇ ਹਵਾਲਾਤੀਆਂ ਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਹਮਲਾਵਰਾਂ ਕੋਲ ਪਾਈਪਾਂ ਅਤੇ ਸਰੀਏ ਨੂੰ ਤਿੱਖੇ ਕਰਕੇ ਬਣਾਏ ਗਏ ਸੂਏ ਵੀ ਸੀ ,ਜੋ ਇਸ ਹਮਲੇ ਲਈ ਵਰਤੇ ਗਏ। ਹਮਲੇ ਦੌਰਾਨ 7 ਹਵਾਲਾਤੀ ਜ਼ਖ਼ਮੀ ਹੋਏ ਅਤੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

 

ਜਾਣਕਾਰੀ ਦਿੰਦਿਆਂ ਇਕ ਜ਼ਖ਼ਮੀ ਹਵਾਲਾਤੀ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਪੇਸ਼ੀ ਤੋਂ ਵਾਪਸ ਆ ਕੇ ਖਾਣਾ ਬਣਾ ਰਹੇ ਸਨ ਕਿ ਬੈਰਕ ਨੰਬਰ 9 ਅਤੇ 10 ਦੇ 20 ਤੋ 25 ਹਵਾਲਾਤੀਆਂ ਨੇ ਉਹਨਾਂ ਦੀ ਬੈਰਕ ਨੰਬਰ 4 ਦੇ ਹਵਾਲਾਤੀਆਂ ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੈਰਕ ਦੇ ਕੁਝ ਹਵਾਲਾਤੀਆਂ ਨਾਲ ਇਨ੍ਹਾਂ ਦਾ ਮਾਮੂਲੀ ਝਗੜਾ ਹੋਇਆ ਸੀ ,ਜਿਸ ਦਾ ਬਦਲਾ ਲੈਣ ਲਈ ਹੀ ਉਹਨਾਂ ਨੇ ਹਮਲਾ ਕੀਤਾ ਹੈ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਪਾਈਪਾਂ ਅਤੇ ਸਰੀਏ ਨੂੰ ਤਿੱਖੇ ਕਰਕੇ ਬਣਾਏ ਸੂਏਆਂ ਦਾ ਹਮਲੇ ਦੌਰਾਨ ਜੰਮ ਕੇ ਪ੍ਰਯੋਗ ਕੀਤਾ ,ਜਿਸ ਕਾਰਨ ਉਨ੍ਹਾਂ ਦੀ ਬੈਰਕ ਦੇ ਕੁੱਲ 7 ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ।

 

ਉਥੇ ਹੀ ਮੌਕੇ ਤੇ ਪਹੁੰਚੇ ਡੀ ਐਸ ਪੀ ਸਿਟੀ ਰਿਪੁਤਪਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਹੋਈ ਲੜ੍ਹਾਈ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਦੋ ਧਿਰ ਆਪਸ ਵਿੱਚ ਭਿੜੇ ਹਨ ਅਤੇ ਕੁੱਲ 7 ਹਵਾਲਾਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਜੇਲ੍ਹ ਅਧਿਕਾਰੀਆਂ ਦੀ ਰਿਪੋਰਟ ਦੇ ਅਨੁਸਾਰ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।