ਬਠਿੰਡਾ: ਰਿੰਗ ਰੋਡ ਬਾਈਪਾਸ 'ਤੇ ਰਹਿੰਦੇ ਪਰਵਾਸੀ ਮਜ਼ਦੂਰ ਦੇ ਇੱਕ ਸਾਲਾ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਮੁਤਾਬਕ ਰਾਤ ਦੇ ਕਰੀਬ ਬਾਰਾਂ ਵਜੇ ਬੱਚੇ ਦੀ ਮਾਂ ਬੱਚੇ ਨੂੰ ਦੁੱਧ ਪਿਆ ਰਹੀ ਸੀ ਕਿ ਅਚਾਨਕ ਦੋ ਵਿਅਕਤੀ ਬੱਚਾ ਖੋਹ ਕੇ ਫ਼ਰਾਰ ਹੋ ਗਏ।   ਬੱਚੇ ਦੇ ਪਿਤਾ ਰਮੇਸ਼ ਮੁਤਾਬਕ ਉਨ੍ਹਾਂ ਦੇ ਇੱਕ ਸਾਲਾ ਪੁੱਤ ਰਿਤਿਕ ਨੂੰ ਰਾਤ ਸਮੇਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਹੈ। ਬਠਿੰਡਾ ਦੇ ਮਲੋਟ-ਬਾਦਲ ਬਾਈਪਾਸ ਰਿੰਗ ਰੋਡ 'ਤੇ ਰਹਿੰਦੇ ਇਸ ਪਰਿਵਾਰ 'ਚੋਂ ਬੱਚੇ ਦੀ ਮਾਂ ਸਪਨਾ ਦਾ ਕਹਿਣਾ ਹੈ ਕਿ ਬੀਤੀ ਰਾਤ ਦੇ ਕਰੀਬ ਬਾਰਾਂ ਵਜੇ ਜਦੋਂ ਉਹ ਆਪਣੇ ਬੱਚੇ ਨੂੰ ਦੁੱਧ ਪਿਆ ਰਹੀ ਸੀ ਤਾਂ ਬਲੈਰੋ ਗੱਡੀ ਵਿੱਚ ਸਵਾਰ ਹੋ ਕੇ ਆਏ ਦੋ ਵਿਅਕਤੀਆਂ ਨੇ ਉਸ ਦੇ ਦੁੱਧ ਪੀਂਦੇ ਬੱਚੇ ਨੂੰ ਖੋਹ ਲਿਆ ਤੇ ਗੱਡੀ ਵਿੱਚ ਸਵਾਰ ਹੋ ਕੇ ਉੱਥੋਂ ਫਰਾਰ ਹੋ ਗਏ। ਬੱਚੇ ਦੇ ਅਗਵਾ ਹੋਣ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਕੈਨਾਲ ਦੇ ਮੁਖੀ ਦਵਿੰਦਰ ਸਿੰਘ ਨੇ ਕਿਹਾ ਕਿ ਪੂਰੇ ਮਾਮਲੇ ਦੀ ਹਰ ਸੰਭਵ ਪਹਿਲੂ ਤੋਂ ਜਾਂਚ ਕਰ ਰਹੀ ਹੈ।