ਮੱਛੀ ਮਾਰ ਮਿੱਲ 'ਤੇ ਕਾਰਵਾਈ ਮਗਰੋਂ ਸਰਕਾਰੀ ਅਧਿਕਾਰੀਆਂ ਦੀ ਵਾਰੀ, ਦੋ ਇੰਜਨੀਅਰ ਮੁਅੱਤਲ
ਏਬੀਪੀ ਸਾਂਝਾ | 25 May 2018 06:00 PM (IST)
ਚੰਡੀਗੜ੍ਹ: ਗੁਰਦਾਸਪੁਰ ਦੀ ਕੀੜੀ ਅਫ਼ਗ਼ਾਨਾ ਖੰਡ ਮਿੱਲ ਉੱਪਰ ਵੀਰਵਾਰ ਨੂੰ ਵੱਡੀ ਕਾਰਵਾਈ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਉੱਤੇ ਵੀ ਗਾਜ ਡਿੱਗੀ ਹੈ। ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੰਤਰੀ ਨੇ ਵਾਤਾਵਰਣ ਇੰਜਨੀਅਰ ਕੁਲਦੀਪ ਸਿੰਘ ਤੇ ਸਹਾਇ ਵਾਤਾਵਰਣ ਇੰਜਨੀਅਰ ਅੰਮ੍ਰਿਤਪਾਲ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ ਤੋਂ ਬਾਅਦ ਚੱਢਾ ਸ਼ੂਗਰ ਮਿੱਲ ਮਾਮਲੇ ਵਿੱਚ ਸਰਕਾਰ ਵੀ ਹਰਕਤ ਵਿੱਚ ਆਈ ਹੈ। ਬੇਸ਼ੱਕ ਪੰਜਾਬ ਸਰਕਾਰ ਨੇ ਚੱਡਾ ਸ਼ੂਗਰ ਮਿੱਲ ਦੇ ਅਧੀਨ ਅੰਦਰ ਚੱਲਦੀਆਂ ਚਾਰੇ ਫੈਕਟਰੀਆਂ ਬੰਦ ਕਰਵਾ ਦਿੱਤੀਆਂ ਹਨ ਪਰ ਇਸ ਤੋਂ ਬਾਅਦ ਵੀ ਹੁਣ ਇਸ ਮਾਮਲੇ ਵਿੱਚ ਗਾਜ ਅਧਿਕਾਰੀਆਂ ਉੱਪਰ ਡਿੱਗਣੀ ਸ਼ੁਰੂ ਹੋ ਗਈ ਹੈ। ਮਿੱਲ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਤੇ ਦੋਵੇਂ ਅਧਿਕਾਰੀ ਲਗਾਤਾਰ ਮਿੱਲ ਵਿੱਚ ਆਉਂਦੇ ਸਨ ਤੇ ਇਨ੍ਹਾਂ ਨੇ ਇਸ ਮਾਮਲੇ ਵਿੱਚ ਹੋਣ ਵਾਲੀ ਕੁਤਾਹੀ ਬਾਰੇ ਕਦੇ ਗ਼ੌਰ ਨਹੀਂ ਕੀਤਾ, ਜਿਸ ਕਾਰਨ ਦੋਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਹੋਰ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਪਾਉਂਦੇ ਆਸਾਰ ਬਣਦੇ ਜਾ ਰਹੇ ਹਨ। ਵੀਰਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੱਢਾ ਸ਼ੂਗਰ ਮਿੱਲ ਉਤੇ ਪੰਜ ਕਰੋੜ ਦਾ ਜ਼ੁਰਮਾਨਾ ਤੇ ਇਸ ਦੇ ਨਾਲ ਹੀ ਮਿੱਲ ਮਾਲਕਾਂ ਦੀਆਂ ਹੋਰ ਇਕਾਈਆਂ ਬੰਦ ਕਰਨ ਦੇ ਹੁਕਮ ਦਿੱਤੇ ਸਨ। ਬੀਤੀ 17 ਮਈ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੀੜੀ ਅਫ਼ਗ਼ਾਨਾ ਵਿੱਚ ਸਥਿਤ ਚੱਢਾ ਸ਼ੂਗਰ ਮਿੱਲ ਵਿੱਚੋਂ ਬਿਆਸ ਦਰਿਆ ਵਿੱਚ ਸੀਰੇ ਦਾ ਰਿਸਾਅ ਹੋਣ ਤੋਂ ਬਾਅਦ ਲੱਖਾਂ ਜਲ ਜੀਵ ਮਾਰੇ ਗਏ ਸਨ।