ਨਵੀਂ ਦਿੱਲੀ: ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਦੀ ਸ਼ਿਕਾਇਤ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਿਰੁੱਧ ਕੇਸ ਦਰਜ ਕਰ ਲਿਆ ਹੈ। ਜੀ.ਕੇ. ਵਿਰੁੱਧ ਦੱਖਣ-ਪੱਛਮੀ ਦਿੱਲੀ ਦੇ ਕਾਪਸ਼ੇਰਾ ਪੁਲਿਸ ਥਾਣੇ ਵਿੱਚ ਟਾਈਟਲਰ ਦੀ ਛੇੜਛਾੜ ਕੀਤੀ ਵੀਡੀਓ ਫੈਲਾਉਣ ਦੇ ਦੋਸ਼ ਹੇਠ ਪਰਚਾ ਦਰਜ ਹੋਇਆ ਹੈ। ਜੀ.ਕੇ. ਨੇ ਕਿਹਾ ਹੈ ਕਿ ਉਹ ਇਸ ਐਫਆਈਆਰ 'ਤੇ ਖੁਸ਼ ਹਨ। ਉਸ ਨੇ ਕਿਹਾ ਕਿ ਪੂਰੇ ਮਾਮਲੇ ਵਿੱਚ ਟਾਈਟਲਰ ਦਾ ਝੂਠ ਫੜਨ ਵਾਲਾ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਤੇ ਜੇਕਰ ਉਹ ਨਾ ਮੰਨੇ ਤਾਂ ਉਸ ਦਾ ਨਾਰਕੋ ਟੈਸਟ ਕਰਵਾਇਆ ਜਾਵੇ। ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਸਟਿੰਗ ਦੀ ਸੀਡੀ ਪੁਲਿਸ ਨੂੰ ਸੌਂਪੀ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਟਾਈਟਲਰ ਦੀ ਸ਼ਿਕਾਇਤ 'ਤੇ ਇੱਕਦਮ ਕਾਰਵਾਈ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਮਿਲੀਭੁਗਤ ਨਾਲ ਹੋ ਰਿਹਾ ਹੈ ਤੇ ਸਰਕਾਰਾਂ ਦਾ ਵੀ ਦਬਾਅ ਹੈ। ਇਸੇ ਸਾਲ ਫਰਵਰੀ ਦੌਰਾਨ ਜੀ.ਕੇ. ਨੇ ਪ੍ਰੈੱਸ ਕਾਨਫਰੰਸ ਕਰਕੇ ਟਾਈਟਲਰ ਦੀ ਕੁਝ ਲੋਕਾਂ ਨਾਲ ਗੱਲਬਾਤ ਕਰਦਿਆਂ ਦੀ ਸਟਿੰਗ ਵੀਡੀਓ ਜਾਰੀ ਕੀਤੀ ਸੀ, ਜਿਸ ਵਿੱਚ ਉਹ ਸਿੱਖ ਕਤਲੇਆਮ ਬਾਰੇ ਗੱਲਬਾਤ ਕਰ ਰਹੇ ਸਨ। ਉਦੋਂ ਜੀਕੇ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਇਹ ਵੀਡੀਓ ਕਿਸੇ ਨੇ ਤਿੰਨ ਫਰਵਰੀ ਨੂੰ ਭੇਜੀ ਤੇ ਉਸ ਨੇ ਇਸ ਦੇ ਆਧਾਰ 'ਤੇ ਟਾਈਟਲਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਸੀ। ਟਾਈਟਲਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਜੀ.ਕੇ. ਵੱਲੋਂ ਜਾਰੀ ਕੀਤੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਤੇ ਉਹ ਸਹੀ ਨਹੀਂ ਹੈ। ਇਸ ਨਾਲ ਉਸ ਦਾ ਅਕਸ ਕਾਫੀ ਖ਼ਰਾਬ ਹੋਇਆ ਹੈ। ਜ਼ਿਕਰਯੋਗ ਹੈ ਕਿ ਵੀਡੀਓ ਵਿੱਚ ਜੀ.ਕੇ. 1984 ਦੇ ਸਿੱਖ ਕਤਲੇਆਮ ਵਿੱਚ ਆਪਣੀ ਸ਼ਮੂਲੀਅਤ ਕਬੂਲ ਰਿਹਾ ਹੈ।