ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਦੇ ਲੋਕਾਂ ਨੂੰ ਜਲਦੀ ਹੀ ਵੱਡਾ ਤੋਹਫ਼ਾ ਮਿਲ ਸਕਦਾ ਹੈ। ਸੂਬੇ ਦੀ ਕਾਂਗਰਸ ਸਰਕਾਰ ਸਾਰੇ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦੀ ਤਿਆਰੀ ਕਰ ਰਹੀ ਹੈ। ਕੈਪਟਨ ਸਰਕਾਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਰਾਜ ਵਿੱਚ ਮਹਿੰਗੀ ਬਿਜਲੀ ਤੋਂ ਘਬਰਾ ਗਈ ਹੈ। ਇਸੇ ਲਈ ਪਾਰਟੀ ਹਾਈ ਕਮਾਂਡ ਨੇ ਕੈਪਟਨ ਨੂੰ ਦਿੱਤੇ 18 ਕੰਮਾਂ ਵਿੱਚ ਮੁਫਤ ਬਿਜਲੀ ਪ੍ਰਮੁੱਖ ਤੌਰ 'ਤੇ ਸ਼ਾਮਲ ਹੈ।


ਦਰਅਸਲ, ਕਾਂਗਰਸ ਹਾਈ ਕਮਾਂਡ ਤੇ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਖ਼ਤਮ ਕਰਨ ਲਈ 18 ਨੁਕਾਤੀ ਏਜੰਡਾ ਦਿੱਤਾ ਹੈ। ਇਨ੍ਹਾਂ 18 ਨੁਕਤਿਆਂ ਵਿੱਚੋਂ ਸਭ ਤੋਂ ਮੁੱਖ ਹਰੇਕ ਘਰ ਨੂੰ 200 ਯੂਨਿਟ ਮੁਫਤ ਬਿਜਲੀ ਦੇਣਾ ਸ਼ਾਮਲ ਹੈ। ਪੰਜਾਬ ਵਿੱਚ ਘਰੇਲੂ ਸੈਕਟਰ ਦੀ ਮਹਿੰਗੀ ਬਿਜਲੀ ਲੰਬੇ ਸਮੇਂ ਤੋਂ ਵੱਡਾ ਮੁੱਦਾ ਰਿਹਾ ਹੈ ਤੇ ਇਸ ਬਾਰੇ ਸ਼ਹਿਰੀ ਵਰਗ ਵਿੱਚ ਰੋਸ ਹੈ।


ਦੱਸ ਦਈਏ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇ ਆਮ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਬਿਜਲੀ ਸਮਝੌਤੇ ਰੱਦ ਕਰਨ ਨਾਲ, ਆਮ ਲੋਕਾਂ ਨੂੰ ਬਿਜਲੀ ਦਰਾਂ ਵਿੱਚ ਰਾਹਤ ਮਿਲੇਗੀ। ਵਿਧਾਇਕਾਂ ਨੇ ਕਾਂਗਰਸ ਦੀ ਕਮੇਟੀ ਦੇ ਸਾਹਮਣੇ ਮਹਿੰਗੀ ਬਿਜਲੀ ਦਾ ਮੁੱਦਾ ਵੀ ਚੁੱਕਿਆ। ਇਸ ਤੋਂ ਇਲਾਵਾ ਉਠਾਏ ਗਏ ਹੋਰ ਮੁੱਦਿਆਂ ਦੇ ਅਧਾਰ 'ਤੇ 18 ਮੁੱਦਿਆਂ ਦੀ ਸੂਚੀ ਜਿਹੜੀ ਭੇਜੀ ਗਈ ਹੈ।


ਸੱਤਾ ਵਿੱਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਨੇ ਬਿਜਲੀ ਸਸਤੀ ਕਰਨ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਤੇ ਕਿਹਾ ਕਿ ਨਿੱਜੀ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ। ਇਸ ਸਮੇਂ ਸੂਬੇ ਵਿੱਚ ਖੇਤੀਬਾੜੀ, ਦਲਿਤ, ਪੱਛੜੇ ਤੇ ਉਦਯੋਗਾਂ ਨੂੰ ਮੁਫਤ ਬਿਜਲੀ ਜਾਂ ਸਬਸਿਡੀ ਦੇ ਕੇ ਰਾਹਤ ਦਿੱਤੀ ਜਾ ਰਹੀ ਹੈ, ਪਰ ਇਸ ਦਾ ਭਾਰ ਘਰੇਲੂ ਤੇ ਵਪਾਰਕ ਖੇਤਰ ਵਿੱਚ ਵਧਦਾ ਜਾ ਰਿਹਾ ਹੈ।


ਸਿਰਫ ਇਹ ਹੀ ਨਹੀਂ, ਬੇਅਦਬੀ ਮਾਮਲੇ, ਰੇਤ ਮਾਫੀਆ 'ਤੇ ਲਗਾਮ ਲਾਉਣ, ਟਰਾਂਸਪੋਰਟ ਮਾਫੀਆ 'ਤੇ ਕੰਟ੍ਰੋਲ ਦੇ ਨਾਲ-ਨਾਲ ਨਿੱਜੀ ਥਰਮਲ ਪਲਾਟਾਂ ਨਾਲ ਕੀਤੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਵਰਗੇ ਮੁੱਦੇ ਵੀ ਇਸ ਵਿੱਚ ਸ਼ਾਮਲ ਹਨ। ਬੁੱਧਵਾਰ ਨੂੰ ਮੱਲੀਕਾਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਕਾਂਗਰਸ ਵੱਲੋਂ ਬਣਾਈ ਗਈ ਕਮੇਟੀ ਨੇ ਇਹ ਨੁਕਤੇ ਕੈਪਟਨ ਨੂੰ ਦਿੱਤੇ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਦਿੱਲੀ ਤੋਂ ਵਾਪਸ ਚੰਡੀਗੜ੍ਹ ਆ ਗਏ ਹਨ।


ਇਹ ਵੀ ਪੜ੍ਹੋ: ਇਮਰਾਨ ਖ਼ਾਨ ਦਾ ਵੱਡਾ ਦਾਅਵਾ, ਕਸ਼ਮੀਰ ਮਸਲਾ ਹੱਲ ਹੋ ਗਿਆ, ਤਾਂ ਪ੍ਰਮਾਣੂ ਹਥਿਆਰਾਂ ਦੀ ਨਹੀਂ ਲੋੜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904