ਚੰਡੀਗੜ੍ਹ: ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਅੱਜ ਆਪਣੇ ਬੇਟੇ ਦੀ ਨੌਕਰੀ ਛੱਡਣ ਦਾ ਐਲਾਨ ਕਰਦਿਆਂ ਆਪਣੇ ਕਾਂਗਰਸੀ ਸਾਥੀਆਂ ਨੂੰ ਵੀ ਵੱਡੀ ਚੁਣੌਤੀ ਦਿੱਤੀ ਹੈ। ਬਾਜਵਾ ਨੇ ਪਾਰਟੀ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁੱਖ ਸਰਕਾਰੀਆ ਤੇ ਤ੍ਰਿਪਤ ਰਜਿੰਦਰ ਬਾਜਵਾ ਨੂੰ ਕਿਹਾ ਹੈ ਕਿ ਉਨ੍ਹਾਂ ਬੇ ਬੇਟੇ ਤੇ ਭਤੀਜੇ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਫਾਰਮਰ ਕਮਿਸ਼ਨ ਦੇ ਅਹੁਦੇ ਛੱਡਣ।

 

ਬਾਜਵਾ ਨਾਲ ਉਨ੍ਹਾਂ ਦੇ ਬੇਟੇ ਅਰੁਜਨ ਬਾਜਵਾ ਨੇ ਵੀ ਮੀਡੀਆ ਸਾਹਮਣੇ ਪੇਸ਼ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਦੀ ਸਿਆਸਤ 'ਤੇ ਸ਼ਰਮ ਆਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਨੇ ਕੁਰਬਾਨੀ ਦਿੱਤੀ ਸੀ ਜਿਸ ਕਰਕੇ ਉਨ੍ਹਾਂ ਨੂੰ ਨੌਕਰੀ ਮਿਲੀ ਪਰ ਵਿਰੋਧੀਆਂ ਦੇ ਨਾਲ-ਨਾਲ ਕਾਂਗਰਸੀ ਹੀ ਵਿਰੋਧ ਕਰਨ ਲੱਗ ਪਏ। ਉਨ੍ਹਾਂ ਕਿਹਾ ਕਿ ਉਹ ਪਾਰਟੀ ਲਈ ਅਜਿਹੀਆਂ ਕਈ ਨੌਕਰੀਆਂ ਵਾਰ ਸਕਦੇ ਹਨ।

 

ਦੱਸ਼ ਦਈਏ ਕਿ ਕਾਂਗਰਸ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਲੋਕ ਦਬਾਓ ਬਣਨ ਮਗਰੋਂ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਆਪਣੇ ਲੜਕੇ ਨੂੰ ਮਿਲੀ ‘ਇੰਸਪੈਕਟਰ’ ਦੀ ਨੌਕਰੀ ਨੂੰ ਛੱਡ ਦਿੱਥੀ ਹੈ। ਉਨ੍ਹਾਂ ਨੇ ਅੱਜ ਬਾਕਾਇਦਾ ਇਸ ਦਾ ਐਲਾਨ ਕਰ ਕਰਕੇ ਆਪਣਾ ਪੱਖ ਜਨਤਾ ਸਾਹਮਣੇ ਰੱਖਿਆ। ਉਂਝ ਬਾਜਵਾ ਦੇ ਇਸ ਫੈਸਲੇ ਦੀ ਪੁਸ਼ਟੀ ਬੁੱਧਵਾਰ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਰ ਦਿੱਤੀ ਸੀ।

 

ਸੂਤਰਾਂ ਮੁਤਾਬਕ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪਰਿਵਾਰ ਵੱਲੋਂ ਵੀ ਛੇਤੀ ਅਜਿਹਾ ਕਦਮ ਚੁੱਕਿਆ ਜਾ ਸਕਦਾ ਹੈ। ਉਂਝ ਪੰਜਾਬ ਵਿੱਚ ਵਿਰੋਧੀ ਧਿਰਾਂ ਤੇ ਆਮ ਲੋਕਾਂ ਵੱਲੋਂ ਵੱਡੇ ਵਿਰੋਧ ਮਗਰੋਂ ਵਿਧਾਇਕ ਇਹ ਫੈਸਲਾ ਕਰਨ ਲਈ ਮਜਬੂਰ ਹੋਏ ਹਨ। ਇਹ ਮਾਮਲਾ ਹਾਈਕਮਾਨ ਤੱਕ ਵੀ ਪੁੱਜ ਗਿਆ ਸੀ ਜਿਸ ਕਰਕੇ ਪੰਜਾਬ ਕਾਂਗਰਸ ਦੇ ਅਕਸ ਨੂੰ ਵੱਡੀ ਢਾਅ ਲੱਗੀ ਹੈ।

 

ਉਂਝ ਮੰਨਿਆ ਜਾ ਰਿਹਾ ਹੈ ਕਿ ਭਾਵੇਂ ਵਿਧਾਇਕਾਂ ਵੱਲੋਂ ਇਹ ਨੌਕਰੀਆਂ ਵਾਪਸ ਕਰ ਦਿੱਤੀਆਂ ਜਾਣ, ਪਰ ਪਾਰਟੀ ਦੇ ਅਕਸ ਨੂੰ ਲੱਗੀ ਢਾਹ ਦੀ ਭਰਪਾਈ ਕਰਨੀ ਔਖੀ ਹੋਵੇਗੀ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਤਰਸ ਦੇ ਅਧਾਰ 'ਤੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪੁਲਿਸ ’ਚ ਇੰਸਪੈਕਟਰ ਤੇ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਬੇਟੇ ਨੂੰ ਤਹਿਸੀਲਦਾਰ ਦੀ ਨੌਕਰੀ ਦਿੱਤੀ ਗਈ ਸੀ।

 

ਇਸ ਨਾਲ ਜਿੱਥੇ ਕਾਂਗਰਸ ਦੀ ਕਾਫ਼ੀ ਕਿਰਕਿਰੀ ਹੋ ਰਹੀ ਸੀ, ਉੱਥੇ ਵਿਧਾਇਕਾਂ ਦੇ ਅਕਸ ਨੂੰ ਵੀ ਧੱਕਾ ਲੱਗਿਆ ਹੈ। ਦੋਵੇਂ ਵਿਧਾਇਕ ਕਰੋੜਪਤੀ ਹੋਣ ਦੇ ਬਾਵਜੂਦ ਤਰਸ ਦੇ ਆਧਾਰ ’ਤੇ ਨੌਕਰੀਆਂ ਲੈਣ ਕਰਕੇ ਲੋਕਾਂ ਦੇ ਨਿਸ਼ਾਨੇ 'ਤੇ ਹਨ। ਸਭ ਤੋਂ ਵੱਧ ਅਲੋਚਨਾ ਬਾਜਵਾ ਪਰਿਵਾਰ ਦੀ ਹੋਰ ਰਹੀ ਹੈ।

 

ਲੋਕਾਂ ਦਾ ਕਹਿਣਾ ਹੈ ਕਿ ਮਰਹੂਮ ਸਤਨਾਮ ਸਿੰਘ ਬਾਜਵਾ ਦੇ ਨਾਲ ਜਿਹੜੇ 8 ਵਿਅਕਤੀ ਮਾਰੇ ਗਏ ਸਨ, ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਰਕਾਰੀ ਨੌਕਰੀ ਦੇਣੀ ਚਾਹੀਦੀ ਸੀ। ਉਨ੍ਹਾਂ ਵਿੱਚੋਂ ਕੁਝ ਨੂੰ ਮਹਿਜ਼ 1500 ਰੁਪਏ ਦੀ ਪੈਨਸ਼ਨ ਨਾਲ ਸਬਰ ਕਰਨਾ ਪਿਆ। ਜਦਕਿ ਇਹ ਪਰਿਵਾਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਦੇ ਮੁਕਾਬਲੇ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਦੇ ਵੱਧ ਹੱਕਦਾਰ ਹਨ।