ਨਵੀਂ ਦਿੱਲੀ: ਹੁਣ ਸੋਸ਼ਲ ਮੀਡੀਆ ਦੇ ਕਿਸੇ ਮੰਚ ’ਤੇ ਕੋਈ ਕਿਸੇ ਦਾ ਜਾਅਲੀ ਅਕਾਊਂਟ ਨਹੀਂ ਬਣਾ ਸਕੇਗਾ। ਅਜਿਹੇ ਕਿਸੇ ਅਕਾਊਂਟ ਦੀ ਸ਼ਿਕਾਇਤ ਹੋਣ ਉੱਤੇ ਟਵਿਟਰ, ਫ਼ੇਸਬੁੱਕ, ਇੰਸਟਾਗ੍ਰਾਮ ਤੇ ਯੂਟਿਊਬ ਨੂੰ ਉਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਹਟਾਉਣਾ ਹੋਵੇਗਾ। ਕਈ ਵਾਰ ਐਂਵੇਂ ਜਾਅਲੀ ਤਸਵੀਰਾਂ ਲਾ ਕੇ ਨਕਲੀ ਅਕਾਊਂਟ ਬਣਾ ਲਏ ਜਾਂਦੇ ਹਨ, ਤਾਂ ਜੋ ਆਪਣੇ ਹਿਸਾਬ ਨਾਲ ਕੋਈ ਪੋਸਟਾਂ ਪਾਈਆਂ ਜਾ ਸਕਣ, ਅਜਿਹਾ ਰੁਝਾਨ ਹੁਣ ਖ਼ਤਮ ਹੋਣ ਵਾਲਾ ਹੈ।

 

ਹੁਣ ਕੋਈ ਵੀ ਵਿਅਕਤੀ ਕਿਸੇ ਵੱਡੀ ਹਸਤੀ ਜਾਂ ਕਾਰੋਬਾਰੀ ਅਦਾਰੇ ਤੇ ਆਮ ਵਿਅਕਤੀ ਦੀ ਤਸਵੀਰ ਧੋਖਾਧੜੀ ਨਾਲ ਵਰਤ ਨਹੀਂ ਸਕੇਗਾ। ਅਜਿਹੇ ਕਿਸੇ ਖਾਤੇ ਦੀ ਸ਼ਿਕਾਇਤ ਹੋਣ ਉੱਤੇ ਜਾਅਲੀ ਖਾਤਾ ਕੰਪਨੀ ਨੂੰ 24 ਘੰਟਿਆਂ ਅੰਦਰ ਖ਼ਤਮ ਕਰਨਾ ਹੋਵੇਗਾ।

 

ਭਾਰਤ ਸਰਕਾਰ ਦੇ ਨਵੇਂ ਕਾਨੂੰਨਾਂ ਵਿੱਚ ਅਜਿਹੀ ਵਿਵਸਥਾ ਕੀਤੀ ਗਈ ਹੈ। ਇਸ ਨੂੰ ਇੱਕ ਉਦਾਹਰਣ ਰਾਹੀਂ ਸਮਝਿਆ ਜਾ ਸਕਦਾ ਹੈ, ਮੰਨ ਲਵੋ ਕਿਸੇ ਨੇ ਕਿਸੇ ਫ਼ਿਲਮ ਅਦਾਕਾਰ/ਅਦਾਕਾਰਾ ਜਾਂ ਕ੍ਰਿਕੇਟਰ ਜਾਂ ਕਿਸੇ ਸਿਆਸੀ ਆਗੂ ਦੀ ਤਸਵੀਰ ਲਾ ਕੇ ਅਕਾਊਂਟ ਕ੍ਰੀਏਟ ਕਰ ਲਿਆ। ਵੇਖਣ ਵਾਲੇ ਦਰਸ਼ਕ ਨੂੰ ਤਾਂ ਇਹੋ ਲੱਗਦਾ ਹੈ ਕਿ ਸ਼ਾਇਦ ਇਹ ਖਾਤਾ ਉਸ ਸੈਲੀਬ੍ਰਿਟੀ ਦਾ ਹੀ ਹੈ; ਜਦ ਕਿ ਅਜਿਹਾ ਹੁੰਦਾ ਨਹੀਂ।

 

ਸੋਸ਼ਲ ਮੀਡੀਆ ਕੰਪਨੀਆਂ ਲਈ ਨਵੇਂ ਆਈਟੀ ਨਿਯਮਾਂ ਵਿੱਚ ਅਜਿਹੇ ਖਾਤਿਆਂ ਲਈ ਵਿਵਸਥਾ ਰੱਖੀ ਗਈ ਹੈ। ਜੇ ਕੋਈ ਯੂਜ਼ਰ ਅਜਿਹੇ ਕਿਸੇ ਖਾਤੇ ਦੀ ਸ਼ਿਕਾਇਤ ਕਰ ਦਿੰਦਾ ਹੈ, ਤਾਂ ਕੰਪਨੀ ਨੂੰ ਉਹ ਖਾਤਾ ਸ਼ਿਕਾਇਤ ਮਿਲਣ ਦੇ ਅਗਲੇ ਦਿਨ ਤੱਕ ਹਟਾਉਣਾ ਹੀ ਹੋਵੇਗਾ।

 

ਕੁਝ ਧੋਖੇਬਾਜ਼ ਤੇ ਜਾਅਲਸਾਜ਼ ਕਿਸਮ ਦੇ ਲੋਕ ਸੈਲੀਬ੍ਰਿਟੀਜ਼ ਦੀਆਂ ਤਸਵੀਰਾਂ ਲਾ ਕੇ ਅਕਸਰ ਜਨਤਾ ਨੂੰ ਗੁੰਮਰਾਹ ਕਰਦੇ ਹਨ ਤੇ ਲੋਕਾਂ ਨਾਲ ਧੋਖਾਧੜੀਆਂ ਕਰਦੇ ਹਨ। ਗ਼ਲਤ ਖ਼ਬਰਾਂ ਪਾ ਕੇ ਲੋਕਾਂ ਨੂੰ ਭਰਮਾਇਆ ਜਾਂਦਾ ਹੈ।

 

ਸੋਸ਼ਲ ਮੀਡੀਆ ਉੱਤੇ ਅਜਿਹੇ ਜਾਅਲੀ ਅਕਾਊਂਟਸ ਦੀ ਗਿਣਤੀ ਸ਼ਾਇਦ ਕਈ ਕਰੋੜਾਂ ਵਿੱਚ ਹੀ ਹੋਵੇ। ਇਨ੍ਹਾਂ ਉੱਤੇ ਕਾਬੂ ਪਾਉਣਾ ਕੋਈ ਸੁਖਾਲ਼ਾ ਕੰਮ ਨਹੀਂ ਹੈ ਪਰ ਹੌਲੀ-ਹੌਲੀ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।