ਵਾਸ਼ਿੰਗਟਨ: ਅਮਰੀਕੀ ਸੰਸਦ ਦੇ ਹੇਠਲੇ ਸਦਨ, ਹਾਊਸ ਆਫ ਰਿਪਰਿਜ਼ੈਂਟੇਟਿਵਜ਼ ਦੀ ਸਪੀਕਰ ਨੈਂਸੀ ਪੇਲੋਸੀ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਟਰੰਪ 'ਤੇ ਦੇਸ਼ ਨਾਲ ਧੋਖਾ ਕਰਨ ਦਾ ਇਲਜ਼ਾਮ ਲਾਇਆ। ਪੇਲੋਸੀ ਨੇ ਕਿਹਾ ਕਿ ਟਰੰਪ ਨੇ ਆਪਣੇ ਵਿਰੋਧੀ ਨੂੰ ਨੁਕਸਾਨ ਪਹੁੰਚਾਉਣ ਲਈ ਵਿਦੇਸ਼ੀ ਤਾਕਤਾਂ ਦੀ ਮਦਦ ਲਈ, ਇਸ ਲਈ ਉਨ੍ਹਾਂ ਖ਼ਿਲਾਫ਼ ਮਹਾਂਦੋਸ਼ ਦੀ ਜਾਂਚ ਬਿਠਾਈ ਜਾਏਗੀ।
ਟਰੰਪ 'ਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡਾਈਮਰ ਜ਼ੇਲੇਂਸਕੀ 'ਤੇ ਡੈਮੋਕਰੇਟ ਨੇਤਾ ਜੋ ਬਿਡੇਨ ਤੇ ਉਨ੍ਹਾਂ ਦੇ ਬੇਟੇ ਹੰਟਰ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਕਰਾਉਨ ਲਈ ਦਬਾਅ ਬਣਾਉਣ ਦੇ ਇਲਜ਼ਾਮ ਹਨ। ਇਸ ਕੇਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹਾਲਾਂਕਿ, ਟਰੰਪ ਨੇ ਕਿਹਾ ਹੈ ਕਿ ਉਹ ਜ਼ੇਲੈਂਸਕੀ ਨਾਲ ਇੱਕ ਫੋਨ ਕਾਲ ਵਿੱਚ ਹੋਈ ਗੱਲਬਾਤ ਦਾ ਵੇਰਵਾ ਦੇਣ ਲਈ ਤਿਆਰ ਹਨ। ਟਰੰਪ ਨੇ ਹਾਲ ਹੀ ਵਿੱਚ ਇਕਬਾਲ ਕੀਤਾ ਸੀ ਕਿ ਉਨ੍ਹਾਂ ਤੇ ਜ਼ੇਲੈਂਸਕੀ ਵਿਚਾਲੇ ਬਿਡੇਨ 'ਤੇ ਚਰਚਾ ਹੋਈ ਸੀ।
ਇਹ ਅਜੇ ਸਪੱਸ਼ਟ ਨਹੀਂ ਹੋਇਆ ਕਿ ਟਰੰਪ ਨੇ ਜ਼ੇਲੈਂਸਕੀ ਨਾਲ ਫੋਨ ਉੱਤੇ ਕੀ ਗੱਲਬਾਤ ਕੀਤੀ। ਹਾਲਾਂਕਿ, ਵਿਰੋਧੀ ਡੈਮੋਕਰੇਟ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰਾਉਣ ਲਈ ਯੂਕ੍ਰੇਨ ਨੂੰ ਆਰਥਕ ਮਦਦ ਰੋਕਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਸਹਾਇਤਾ ਰੋਕਣ ਦੀ ਗੱਲ ਇਸ ਲਈ ਕੀਤੀ, ਤਾਂ ਜੋ ਯੂਰੋਪੀਅਨ ਦੇਸ਼ ਯੂਕ੍ਰੇਨ ਦੀ ਮਦਦ ਲਈ ਅੱਗੇ ਆਉਣ।
ਪੇਲੋਸੀ ਨੇ ਟਰੰਪ 'ਤੇ ਸੰਵਿਧਾਨਕ ਜ਼ਿੰਮੇਵਾਰੀਆਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ। ਉਸਨੇ ਕਿਹਾ, ਇਸ ਹਫ਼ਤੇ ਰਾਸ਼ਟਰਪਤੀ ਨੇ ਇਕਬਾਲ ਕੀਤਾ ਕਿ ਉਨ੍ਹਾਂ ਯੂਕ੍ਰੇਨ ਤੋਂ ਅਜਿਹੀ ਕਾਰਵਾਈ ਦੀ ਮੰਗ ਕੀਤੀ, ਜਿਸ ਨਾਲ ਉਨ੍ਹਾਂ ਨੂੰ ਰਾਜਨੀਤਿਕ ਤੌਰ 'ਤੇ ਮਦਦ ਮਿਲੇ। ਇਸ ਲਈ ਰਾਸ਼ਟਰਪਤੀ ਨੂੰ ਜਵਾਬਦੇਹ ਬਣਾਉਣਾ ਮਹੱਤਵਪੂਰਨ ਹੈ।' ਬਿਡੇਨ ਨੇ ਵੀ ਟਰੰਪ 'ਤੇ ਮਹਾਦੋਸ਼ ਚਲਾਉਣ ਦਾ ਸਮਰਥਨ ਕੀਤਾ ਹੈ।