ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਇੱਕ ਵਾਰ ਫਿਰ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇੱਥੇ ਗੁਰਦੁਆਰੇ ਵਿੱਚ ਸ਼ਰਧਾਲੂਆਂ ਨੂੰ ਸਿਗਰਟ ਦੇ ਰੈਪਰਾਂ ਤੋਂ ਬਣੇ ਦੋਣੇ 'ਚ ਪ੍ਰਸ਼ਾਦ (ਕੜ੍ਹਾ) ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਇਸ ਪੱਤਲ 'ਚ ਇੱਕ ਪਾਸੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਤਸਵੀਰ ਵੀ ਛਪੀ ਹੋਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਮਾਡਲ ਦੇ ਗੁਰਦੁਆਰੇ 'ਚ ਬਗੈਰ ਸਿਰ ਢੱਕੇ ਫੋਟੋਸ਼ੂਟ ਕਰਵਾਉਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ।


ਜਿਨ੍ਹਾਂ ਪਲੇਟਾਂ ਵਿੱਚ ਸ਼ਰਧਾਲੂਆਂ ਨੂੰ ਪ੍ਰਸ਼ਾਦ ਚੜ੍ਹਾਇਆ ਜਾ ਰਿਹਾ ਹੈ, ਉਨ੍ਹਾਂ ਦੇ ਇੱਕ ਪਾਸੇ ਕਰਤਾਰਪੁਰ ਸਾਹਿਬ ਦੀਆਂ ਤਸਵੀਰਾਂ ਹਨ ਅਤੇ ਦੂਜੇ ਪਾਸੇ ਸਿਗਰੇਟ ਬ੍ਰਾਂਡ 'ਗੋਲਡ ਸਟ੍ਰੀਟ' ਦੀਆਂ ਤਸਵੀਰਾਂ ਹਨ। ਜਾਣਕਾਰੀ ਮੁਤਾਬਕ ਇਹ ਮੁੱਦਾ ਕਰਤਾਰਪੁਰ ਪੁੱਜੇ ਕੁਝ ਸ਼ਰਧਾਲੂਆਂ ਨੇ ਉਠਾਇਆ ਸੀ।


ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਚੇਅਰਮੈਨ ਅਮੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਕਹਿ ਕੇ ਇਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਕਿ ਇਹ ਕੁਝ ਸ਼ਰਾਰਤੀ ਅਨਸਰਾਂ ਦੀ ਸ਼ਰਾਰਤ ਸੀ ਜੋ ਕਦੇ ਨਹੀਂ ਚਾਹੁੰਦੇ ਕਿ ਕਰਤਾਰਪੁਰ ਲਾਂਘਾ ਦੁਬਾਰਾ ਖੋਲ੍ਹੇ।


PSGPC ਨੇ ਦਿੱਤੀ ਸਫਾਈ


ਸਿੰਘ ਨੇ ਕਿਹਾ, “ਅਸੀਂ ਪ੍ਰਸ਼ਾਦ ਵੰਡਣ ਲਈ ਕਦੇ ਵੀ ਅਜਿਹੀ ਕੋਈ ਪੈਕੇਜਿੰਗ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਹੈ। ਅਸੀਂ ਮਾਮਲੇ ਦੀ ਜਾਂਚ ਕਰ ਲਈ ਹੈ। ਇਸ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਕੁਝ ਸਮਾਜ ਵਿਰੋਧੀ ਅਨਸਰ ਨਹੀਂ ਚਾਹੁੰਦੇ ਸੀ ਕਿ ਕਰਤਾਰਪੁਰ ਲਾਂਘਾ ਸ਼ੁਰੂ ਹੋਵੇ, ਇਸ ਲਈ ਉਨ੍ਹਾਂ ਨੇ ਇਹ ਮਜ਼ਾਕ ਕੀਤਾ ਹੈ।


ਉਨ੍ਹਾਂ ਕਿਹਾ ਕਿ ਪੀਐਸਜੀਪੀਸੀ ਵੱਲੋਂ ‘ਪਿੰਨੀ ਪ੍ਰਸ਼ਾਦ’ ਸਾਦੇ ਥੈਲਿਆਂ ਵਿੱਚ ਵੰਡਿਆ ਜਾਂਦਾ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਹੈਰਾਨ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਪੀਐਸਜੀਪੀਸੀ ਅਤੇ ਪਾਕਿਸਤਾਨ ਅਧਿਕਾਰੀਆਂ ਕੋਲ ਉਠਾਵਾਂਗੇ। ਅਸੀਂ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਫੜਨ ਲਈ ਕਹਾਂਗੇ।


ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀ ਥਾਲੀ ਵਿੱਚ ਪ੍ਰਸ਼ਾਦ ਲੈਣ ਤੋਂ ਬਾਅਦ ਇੱਕ ਸ਼ਰਧਾਲੂ ਨੇ ਆਪਣੇ ਮੋਬਾਈਲ ਫ਼ੋਨ ਨਾਲ ਇਸ ਦੀ ਤਸਵੀਰ ਖਿੱਚ ਲਈ ਸੀ। “ਇਸ ਕਾਰਵਾਈ ਨੇ ਪਾਕਿਸਤਾਨੀ ਅਧਿਕਾਰੀਆਂ ਦੇ ਨਾਪਾਕ ਮਨਸੂਬਿਆਂ ਦਾ ਪਰਦਾਫਾਸ਼ ਕੀਤਾ ਹੈ। ਉਹ ਘੱਟ ਗਿਣਤੀਆਂ ਨੂੰ ਦਬਾਉਣ ਅਤੇ ਉਨ੍ਹਾਂ ਦਾ ਅਪਮਾਨ ਕਰਨ 'ਤੇ ਤੁਲੇ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਸਿੱਖ ਧਰਮ ਅਸਥਾਨ 'ਤੇ ਚੜ੍ਹਾਵੇ ਲਈ ਪਲੇਟਾਂ ਬਣਾਉਣ ਲਈ ਸਿਗਰਟਾਂ ਦੀ ਪੈਕਿੰਗ ਸਮੱਗਰੀ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ।“



ਇਹ ਵੀ ਪੜ੍ਹੋ: ਬੀਐਸਐਫ ਨੇ ਫ਼ਿਰੋਜ਼ਪੁਰ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਬਰਾਮਦ, ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904