ਨਵੀਂ ਦਿੱਲੀ: ਉੱਤਰਾਖੰਡ ਵਿੱਚ ਸਿੱਖ ਕਿਸਾਨਾਂ ਦੀ 100 ਏਕੜ ਦੇ ਕਰੀਬ ਫਸਲ ਸਰਕਾਰ ਵੱਢ ਕੇ ਲੈ ਗਈ ਹੈ। ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਤਰਾਖੰਡ ਦੀ ਖਟੀਮਾ ਤਹਿਸੀਲ ਦੇ ਪਿੰਡ ਉਲਾਣੀ ਵਿੱਚ ਸਥਾਨਕ ਅਫਸਰ ਦੋ ਕੰਬਾਈਨਾਂ ਲੈ ਕੇ ਆਏ ਤੇ ਸਿੱਖ ਕਿਸਾਨਾਂ ਦੀ ਕਰੀਬ 100 ਏਕੜ ਕਣਕ ਨੂੰ ਵੱਢ ਲਿਆ। ਉਨ੍ਹਾਂ ਨਾਲ ਪੁਲਿਸ ਦੀ ਮੌਜੂਦ ਸੀ।

ਉਧਰ, ਇਸ ਬਾਰੇ ਐਸਡੀਐਮ ਨਿਰਮਲਾ ਬਿਸ਼ਟ ਦਾ ਕਹਿਣਾ ਹੈ ਕਿ ਇਸ ਜ਼ਮੀਨ ਦਾ ਕਬਜ਼ਾ ਪ੍ਰਸ਼ਾਸਨ ਕੋਲ ਸੀ ਤੇ ਕਿਸਾਨਾਂ ਨੇ ਫਿਰ ਵੀ ਕਣਕ ਬੀਜ ਦਿੱਤੀ ਜਦੋਂਕਿ 31 ਅਕਤੂਬਰ ਨੂੰ ਕਿਸਾਨਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ। ਅਧਿਕਾਰੀ ਨੇ ਕਿਹਾ ਕਿ ਕਰੀਬ 650 ਕੁਇੰਟਲ ਕਣਕ ਦੀ ਨਿਲਾਮੀ ਕਰਕੇ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਤੇ ਜੇ ਕਿਸਾਨ ਸੁਪਰੀਮ ਕੋਰਟ ਤੋਂ ਜਿੱਤ ਗਏ ਤਾਂ ਉਨ੍ਹਾਂ ਨੂੰ ਇਹ ਰਾਸ਼ੀ ਦੇ ਦਿੱਤੀ ਜਾਵੇਗੀ।

ਇਸ ਬਾਰੇ ਆਲ ਇੰਡੀਆ ਸਿੱਖ ਪ੍ਰਤੀਨਿਧ ਬੋਰਡ ਉੱਤਰਾਖੰਡ ਦੇ ਬੁਲਾਰੇ ਸੁਖਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਕਿਸਾਨਾਂ ਨੇ ਸਥਾਨਕ ਤਹਿਸੀਲਦਾਰ ਨਾਲ ਗੱਲ ਕਰਕੇ ਉਕਤ ਜ਼ਮੀਨ ’ਤੇ ਕਣਕ ਬੀਜ ਲਈ ਸੀ ਪਰ ਬੀਤੇ ਦੋ ਦਿਨਾਂ ਦੌਰਾਨ ਪ੍ਰਸ਼ਾਸਨ ਨੇ ਪੁਲਿਸ ਦੀ ਹਾਜ਼ਰੀ ਵਿੱਚ ਜਬਰੀ ਕਣਕ ਵੱਢ ਲਈ। ਉਲਾਣੀ ਪਿੰਡ ਦੇ ਦਲਜੀਤ ਸਿੰਘ ਗੁਰਾਇਆ ਮੁਤਾਬਕ ਅੰਗਰੇਜ਼ਾਂ ਵੱਲੋਂ ਅਲਾਟ ਕੀਤੀ ਗਈ ਇਹ ਜ਼ਮੀਨ ਤਤਕਾਲੀ ਮਾਲਕਾਂ ਦੀ 1969 ਵਿੱਚ ਮੌਤ ਹੋਣ ਮਗਰੋਂ ਅੱਗੇ ਵੇਚ ਦਿੱਤੀ ਗਈ ਸੀ।

ਇਸ ਜ਼ਮੀਨ ਉਪਰ ਕੁੱਝ ਕਿਸਾਨ ‘ਵਰਗ 20’ ਤਹਿਤ ਵੀ ਕਾਸ਼ਤ ਕਰ ਰਹੇ ਸਨ। 1972 ਵਿੱਚ ਸੀਲਿੰਗ ਸ਼ੁਰੂ ਹੋਈ। ਪਹਿਲਾਂ ਕਿਸਾਨ ਕਮਿਸ਼ਨਰ ਕੋਲੋਂ ਕੇਸ ਜਿੱਤ ਗਏ ਸਨ ਪਰ ਹਾਈ ਕੋਰਟ ਵਿੱਚ ਕਿਸਾਨਾਂ ਦਾ ਵਕੀਲ ਖੜ੍ਹਾ ਨਾ ਕਰਨ ਕਰਕੇ ਉਹ ਕੇਸ ਹਾਰ ਗਏ ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਸਿਖ਼ਰਲੀ ਅਦਾਲਤ ਨੇ ਸਟੇਟਸ ਕੋ ਜਾਰੀ ਰੱਖ ਦਿੱਤਾ ਤੇ ਤਾਰੀਕ ਅੱਗੇ ਪਾ ਦਿੱਤੀ।

ਹੁਣ ਕਰੋਨਾ ਦੇ ਚੱਲਦੇ ਅਦਾਲਤੀ ਕਾਰਵਾਈ ਠੱਪ ਪਈ ਹੋਣ ਕਰਕੇ ਕਿਸਾਨ ਸੁਪਰੀਮ ਕੋਰਟ ਵੀ ਪਹੁੰਚ ਨਾ ਕਰ ਸਕੇ ਤੇ ਪ੍ਰਸ਼ਾਸਨ ਨੇ ਧੱਕੇ ਨਾਲ ਪੱਕੀ ਫਸਲ ਵੱਢ ਲਈ। ਇਸ ਦੇ ਨਾਲ ਹੀ 6 ਦਰਜਨ ਤੋਂ ਵੱਧ ਕਿਸਾਨਾਂ ਖ਼ਿਲਾਫ਼ ਧਾਰਾ 341, 332, 253, 186, 504, 506, 427, 188, 269, 270 ਤੇ 271 ਤਹਿਤ ਕੇਸ ਦਰਜ ਕਰ ਦਿੱਤੇ।