ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਵਿੱਚ 18 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਕੋਰੋਨਾ ਵੈਕਸੀਨ ਤਾਂ ਕੀ ਲਾਉਣੀ ਸੀ ਹੁਣ 45 ਸਾਲ ਵਾਲਿਆਂ ਨੂੰ ਟੀਕਾ ਨਹੀਂ ਲੱਗ ਰਿਹਾ। ਪੰਜਾਬ ਵਿੱਚ ਵੈਕਸੀਨ ਦਾ ਸਟੌਕ ਖਤਮ ਹੋ ਗਿਆ ਹੈ। ਅੰਮ੍ਰਿਤਸਰ ਦੇ ਪੌਸ਼ ਖੇਤਰ ਰਣਜੀਤ ਐਵਨਿਊ 'ਚ ਸਥਿਤ ਭਾਈ ਧਰਮ ਸਿੰਘ ਮੈਮੋਰੀਅਲ ਸੈਟੇਲਾਈਟ ਹਸਪਤਾਲ 'ਚ ਕੋਰੋਨਾ ਵੈਕਸੀਨ ਲਵਾਉਣ ਆਏ ਲੋਕ ਤਿੰਨ ਤਿੰਨ ਦਿਨ ਤੋਂ ਗੇੜੇ ਮਾਰਨ ਦੇ ਬਾਵਜੂਦ ਵੈਕਸੀਨ ਲਵਾਏ ਤੋਂ ਬਗੈਰ ਪਰਤ ਰਹੇ ਹਨ।
ਹਸਪਤਾਲ ਦੇ ਸਟਾਫ ਤੋਂ ਮਿਲੀ ਜਾਣਕਾਰੀ ਮੁਤਾਬਕ ਮੌਜੂਦਾ ਹਾਲਾਤ 'ਚ ਹਸਪਤਾਲ ਨੂੰ ਸਿਰਫ 200 ਡੋਜ ਪ੍ਰਤੀ ਦਿਨ ਮਿਲ ਰਹੀਆਂ ਜਿਸ ਕਰਕੇ ਰੋਜਾਨਾ ਕਈ ਲੋਕਾਂ ਨੂੰ ਵਾਪਸ ਭੇਜਣਾ ਪੈਂਦਾ ਹੈ ਤੇ ਅਗਲੇ ਦਿਨ ਦਾ ਕਹਿ ਕੇ ਬੁਲਾਇਆ ਜਾਂਦਾ ਹੈ। ਰੋਜਾਨਾ ਮਿਲਣ ਵਾਲੀ 200 ਵੈਕਸੀਨ ਤਾਂ 12 ਵਜੇ ਹੀ ਖਤਮ ਹੋ ਜਾਂਦੀ ਹੈ, ਜਦਕਿ ਇਸੇ ਹਸਪਤਾਲ 'ਚ ਪਹਿਲਾਂ 500 ਦੇ ਕਰੀਬ ਲੋਕਾਂ ਨੂੰ ਪ੍ਰਤੀ ਦਿਨ ਜਿੱਥੇ ਵੈਕਸੀਨੇਸ਼ਨ ਕੀਤੀ ਜਾਂਦੀ ਸੀ, ਉਥੇ ਹੀ 3000 ਤਕ ਵੈਕਸੀਨੇਸ਼ਨ ਡੋਜ ਮਿਲ ਜਾਂਦੀ ਸੀ।
ਪਤਾ ਲੱਗਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਵੈਕਸੀਨ ਦੀ ਡੋਜ ਘੱਟ ਮਿਲ ਰਹੀ ਹੈ। ਦੂਜੇ ਪਾਸੇ ਵੈਕਸੀਨ ਲਗਵਾਏ ਬਗੈਰ ਪਰਤਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਕ ਪਾਸੇ ਕੋਰੋਨਾ ਨਾਲ ਲੜਨ ਦੀ ਦੁਹਾਈ ਦੇ ਰਹੀ ਹੈ। ਦੂਜੇ ਪਾਸੇ ਵੈਕਸੀਨੇਸ਼ਨ ਪੂਰੀ ਮੁਹੱਈਆ ਨਹੀਂ ਕਰਵਾਈ ਜਾਂਦੀ।
ਰਣਜੀਤ ਐਵਨਿਊ ਤੋਂ ਇਲਾਵਾ ਦਿਹਾਤ ਦੇ ਕਈ ਖੇਤਰ ਹਨ ਜਿੱਥੇ ਵੈਕਸੀਨੇਸ਼ਨ ਦੀ ਕਮੀ ਹੈ। ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਹਾਲਾਤ ਕੁਝ ਠੀਕ ਹਨ ਤੇ ਇੱਥੇ ਰੋਜਾਨਾ 500 ਦੇ ਕਰੀਬ ਲੋਕਾਂ ਨੂੰ ਵੈਕਸੀਨੇਸ਼ਨ ਲਵਾਈ ਜਾ ਰਹੀ ਹੈ। ਸਟਾਫ ਦਾ ਕਹਿਣਾ ਹੈ ਕਿ ਵੈਕਸੀਨ ਖਤਮ ਹੋਣ 'ਤੇ ਤੁਰੰਤ ਸਪਲਾਈ ਪਹੁੰਚਾ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: Corona Effect: ਅਪ੍ਰੈਲ ’ਚ 75 ਲੱਖ ਨੌਕਰੀਆਂ ਖਤਮ, ਚਾਰ ਮਹੀਨਿਆਂ ’ਚ ਸ਼ਿਖਰ ਉੱਤੇ ਬੇਰੁਜ਼ਗਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904