ਗਗਨਦੀਪ ਸ਼ਰਮਾ
ਅੰਮ੍ਰਿਤਸਰ: ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਕਣਕ ਤੋਂ ਐਲਰਜੀ ਦੇ ਮਾਮਲੇ 'ਤੇ ਕਿਹਾ ਕਿ ਸਿੱਧੂ ਸਾਡੇ ਨਾਲ ਹੀ ਬੈਠ ਕੇ ਪਰਾਂਠੇ (ਆਟੇ ਦੇ) ਖਾਂਦਾ ਰਿਹਾ ਹੈ। ਅੱਜ ਐਲਰਜੀ ਹੋਣ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕਿਤੇ ਇਹ ਐਲਰਜੀ ਹੁਣ ਅਚਾਨਕ ਤਾਂ ਨਹੀਂ ਹੋਈ ਤੇ ਘਰ ਦਾ ਖਾਣਾ ਖਾਣ ਦੀ ਖਾਤਰ ਅਜਿਹਾ ਨਾ ਕਹਿ ਰਿਹਾ ਹੋਵੇ।
ਦੱਸ ਦਈਏ ਕਿ 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਸਜ਼ਾ ਕੱਟ ਰਹੇ ਨਵਜੋਤ ਸਿੱਧੂ ਨੇ ਕਣਕ ਤੋਂ ਐਲਰਜੀ ਦਾ ਹਵਾਲਾ ਦਿੰਦੇ ਹੋਏ ਸਪੈਸ਼ਲ ਡਾਈਟ ਦੀ ਮੰਗ ਕੀਤੀ ਸੀ ਜਿਸ ਲਈ ਉਨ੍ਹਾਂ ਨੇ ਜੇਲ੍ਹ 'ਚ ਦਾਲ-ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਗਾੜੇ ਖੂਨ ਦੀ ਸਮੱਸਿਆ ਦੀ ਦਲੀਲ ਦਿੰਦੇ ਹੋਏ ਸਿੱਧੂ ਨੇ ਫਲਾਂ ਦੇ ਨਾਲ ਹੋਰ ਸਪੈਸ਼ਲ ਡਾਈਟ ਦੇਣ ਦੀ ਮੰਗ ਕਰਦੇ ਹੋਏ ਪਟੀਸ਼ਨ ਪਾਈ ਸੀ ਜਿਸ 'ਤੇ ਅੱਜ ਪਟਿਆਲਾ ਦੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐਮ) ਅਦਾਲਤ 'ਚ ਜਵਾਬ ਦਾਇਰ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਵਲਟੋਹਾ ਨੇ ਡੇਅਰੀ ਮਾਲਕਾਂ ਵੱਲੋਂ ਦਿੱਤੇ ਜਾ ਰਹੇ ਧਰਨੇ 'ਤੇ ਕਿਹਾ ਕਿ ਸਰਕਾਰ ਦੇ ਮੰਤਰੀ ਦੇ ਗੈਰ ਜਿੰਮੇਦਾਰਨਾਂ ਬਿਆਨ ਕਾਰਨ ਡੇਅਰੀ ਮਾਲਕਾਂ 'ਚ ਰੋਸ ਹੈ ਪਰ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਵਾਜ਼ਬ ਰੇਟ ਦੇਣਾ ਚਾਹੀਦਾ ਹੈ। ਬੀਤੇ ਕੱਲ੍ਹ ਬੋਰਵੈਲ 'ਚ ਬੱਚੇ ਦੀ ਹੋਈ ਮੌਤ 'ਤੇ ਸਾਬਕਾ ਵਿਧਾਇਕ ਨੇ ਕਿਹਾ ਕਿ ਜਿਸ ਵੇਲੇ ਫਤਹਿਵੀਰ ਨਾਮ ਦੇ ਬੱਚੇ ਦੀ ਮੌਤ ਹੋਈ ਸੀ ਤਾਂ ਭਗਵੰਤ ਮਾਨ ਨੇ ਇਸ ਮਾਮਲੇ 'ਚ ਲੋਕ ਸਭਾ ਤਕ ਚੁੱਕਿਆ ਸੀ। ਅੱਜ ਉਹ ਸੀਐਮ ਹਨ ਤੇ ਸੀਐਮ ਇਸ ਪਾਸੇ ਧਿਆਨ ਨਹੀਂ ਦੇ ਰਹੇ ਜਦਕਿ ਇਸ ਬਾਬਤ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
ਵਲਟੋਹਾ ਨੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਪੈਟਰੋਲ/ਡੀਜਲ ਤੇ ਵੈਟ ਘਟਾ ਕੇ ਪੰਜ ਪੰਜ ਰੁਪਏ ਰਾਹਤ ਦੇਣੀ ਚਾਹੀਦੀ ਹੈ। ਕਿਸਾਨਾਂ ਵੱਲੋਂ ਨਸ਼ੇ ਦੇ ਮੁੱਦੇ/ਲੁੱਟਾਂ ਖੋਹਾਂ ਖਿਲਾਫ ਲਾਏ ਧਰਨੇ ਤੇ ਵਲਟੋਹਾ ਨੇ ਕਿਹਾ ਕਿ ਨਸ਼ਿਆਂ ਦੇ ਸਭ ਤੋਂ ਮਾੜੇ ਹਾਲਾਤ ਇਸ ਵੇਲੇ ਪੰਜਾਬ ਦੇ ਹੋਏ ਹਨ ਤੇ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਤੇ ਕਿਸਾਨਾਂ ਦੇ ਆਵਾਜ ਚੁੱਕੀ ਹੈ ਤਾਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ।