ਪੰਜਾਬ ਦੇ ਮੋਗਾ ਜ਼ਿਲ੍ਹੇ ‘ਚ ਪਹਿਲੀ ਵਾਰ ‘ਫ੍ਰੀ ਰਹਿਣ’ ਯਾਨੀਕਿ ਵਿਹਲੇ ਰਹਿਣ ਦਾ ਮੁਕਾਬਲਾ ਸ਼ੁਰੂ ਕੀਤਾ ਗਿਆ ਹੈ। ਇਸ ਮੁਕਾਬਲੇ ਵਿੱਚ ਕੁੱਲ 55 ਲੋਕ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚ ਪਤੀ-ਪਤਨੀ, ਦਾਦਾ-ਪੋਤਾ, ਨੌਜਵਾਨ ਅਤੇ ਬਜ਼ੁਰਗ ਸਭ ਸ਼ਾਮਲ ਹਨ। ਇਹਨਾਂ ਲਈ ਕੋਈ ਉਮਰ ਸੀਮਾ ਨਹੀਂ ਰੱਖੀ ਗਈ।
ਕੀ ਤੁਸੀਂ ਕਦੇ ਵਿਹਲੇ ਰਹਿਣ ‘ਤੇ ਇਨਾਮ ਜਿੱਤਿਆ ਹੈ?
ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਘੋਲੀਆਂ ਖੁਰਦ ਪਿੰਡ ‘ਚ ਪਿੰਡ ਵਾਸੀਆਂ ਨੇ ਲੋਕਾਂ ਨੂੰ ਮੋਬਾਈਲ ਦੀ ਲਤ ਤੋਂ ਬਚਾਉਣ ਲਈ ਇਕ ਬਹੁਤ ਹੀ ਅਨੋਖੀ ਸ਼ੁਰੂਆਤ ਕੀਤੀ ਹੈ। ਪਿੰਡ ਵਾਸੀਆਂ ਨੇ ਇੱਕ ਅਜਿਹੀ ਮੁਕਾਬਲੇਬਾਜ਼ੀ ਕਰਵਾਈ ਹੈ, ਜਿਸ ਵਿੱਚ ਭਾਗ ਲੈਣ ਵਾਲਿਆਂ ਨੂੰ ਬਿਨਾ ਮੋਬਾਈਲ ਫੋਨ ਦੇ ਲਗਾਤਾਰ ਵਿਹਲੇ ਬੈਠਣਾ ਹੈ। ਇਸ ਮੁਕਾਬਲੇ ਲਈ ਹਿੱਸਾ ਲੈਣ ਵਾਲਿਆਂ ਉੱਤੇ 11 ਸਖ਼ਤ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰਨੀ, ਝਗੜਾ ਨਾ ਕਰਨਾ ਆਦਿ ਮੁੱਖ ਹਨ।
ਮੁਕਾਬਲੇ ਦੇ ਜੇਤੂ ਨੂੰ ਸਾਈਕਲ ਅਤੇ 4500 ਰੁਪਏ ਇਨਾਮ ਦਿੱਤਾ ਜਾਵੇਗਾ, ਦੂਜੇ ਸਥਾਨ ਵਾਲੇ ਨੂੰ 2500 ਰੁਪਏ ਅਤੇ ਤੀਜੇ ਸਥਾਨ ਵਾਲੇ ਨੂੰ 1500 ਰੁਪਏ ਮਿਲਣਗੇ। ਆਯੋਜਕਾਂ ਦਾ ਕਹਿਣਾ ਹੈ ਕਿ ਇਸ ਮੁਕਾਬਲੇ ਦਾ ਮੁੱਖ ਮਕਸਦ ਲੋਕਾਂ ਨੂੰ ਮੋਬਾਈਲ ਤੋਂ ਦੂਰ ਰੱਖਣਾ ਅਤੇ ਦੱਸਣਾ ਹੈ ਕਿ ਬਿਨਾ ਮੋਬਾਈਲ ਵੀ ਜੀਵਨ ਵਿੱਚ ਕਿੰਨੀ ਸ਼ਾਂਤੀ ਅਤੇ ਮਾਨਸਿਕ ਸੁੱਖ ਮਿਲ ਸਕਦਾ ਹੈ।
ਡਿਜ਼ੀਟਲ ਦੁਨੀਆ ਤੋਂ ਬਾਹਰ ਕੱਢਿਆ ਜਾ ਸਕੇ
ਆਯੋਜਕ ਕਮਲਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਅੱਜਕੱਲ ਬੱਚੇ ਹੋਣ ਜਾਂ ਬੁਜ਼ੁਰਗ, ਸਭ ਮੋਬਾਈਲ ਵਿੱਚ ਐਨੇ ਖੋ ਗਏ ਹਨ ਕਿ ਪਰਿਵਾਰਿਕ ਮਿਲਾਪ ਘੱਟ ਹੁੰਦਾ ਜਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਸਾਂਝੇ ਪਰਿਵਾਰ ਵੀ ਟੁੱਟਣ ਲੱਗ ਪਏ ਹਨ। ਇਸੇ ਵਿਚਾਰ ਨਾਲ ਪੰਚਾਇਤ ਨੇ ਇਹ ਅਨੋਖੀ ਪਹਿਲ ਸ਼ੁਰੂ ਕੀਤੀ ਹੈ ਤਾਂ ਜੋ ਲੋਕ ਡਿਜ਼ੀਟਲ ਦੁਨੀਆ ਤੋਂ ਬਾਹਰ ਨਿਕਲ ਕੇ ਅਸਲੀ ਜ਼ਿੰਦਗੀ ਨਾਲ ਜੁੜ ਸਕਣ।
ਮੁਕਾਬਲੇ ਵਿੱਚ ਹਰ ਉਮਰ ਦੇ ਲੋਕ ਹਿੱਸਾ ਲੈ ਸਕਦੇ ਹਨ ਅਤੇ ਇਸ ਲਈ ਸਖ਼ਤ ਨਿਯਮ ਬਣਾਏ ਗਏ ਹਨ। ਕੋਈ ਭਾਗੀ ਮੋਬਾਈਲ ਨਾਲ ਨਹੀਂ ਆ ਸਕਦਾ ਅਤੇ ਮੁਕਾਬਲੇ ਦੌਰਾਨ ਉੱਠਣਾ, ਤੁਰਨਾ, ਸੋਣਾ ਜਾਂ ਟਾਇਲਟ ਜਾਣਾ ਸਿੱਧਾ ਬਾਹਰ ਮੰਨਿਆ ਜਾਵੇਗਾ। ਇਸ ਦੌਰਾਨ ਖਾਣ-ਪੀਣ ਦੀਆਂ ਵਸਤਾਂ ਲਿਆਉਣਾ, ਖੇਡਕੂਦ ਕਰਨਾ ਜਾਂ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਕਰਨਾ ਮਨਾਹੀ ਹੈ। ਝਗੜਾ ਕਰਨ ਵਾਲੇ ਜਾਂ ਮੈਚ ਫਿਕਸਿੰਗ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਤੁਰੰਤ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇੱਕ ਵਾਰ ਜੋ ਬਾਹਰ ਹੋ ਗਿਆ, ਉਸਨੂੰ ਮੁੜ ਪ੍ਰਵੇਸ਼ ਨਹੀਂ ਮਿਲੇਗਾ।
ਇਹ ਮੁਕਾਬਲਾ 12 ਘੰਟੇ, 24 ਘੰਟੇ ਜਾਂ 36 ਘੰਟਿਆਂ ਤੱਕ ਵੀ ਚੱਲ ਸਕਦਾ ਹੈ। ਜੋ ਭਾਗੀ ਅੰਤ ਤੱਕ ਬੈਠਿਆ ਰਹੇਗਾ, ਉਹੀ ਜਿੱਤ ਹਾਸਲ ਕਰੇਗਾ ਅਤੇ ਪਹਿਲੇ ਤਿੰਨ ਸਥਾਨਾਂ ‘ਤੇ ਰਹਿਣ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ। ਜਿਵੇਂ ਹੀ ਇਸ ਮੁਕਾਬਲੇ ਦੀ ਘੋਸ਼ਣਾ ਹੋਈ, ਆਯੋਜਕਾਂ ਨੂੰ ਹਜ਼ਾਰਾਂ ਕਾਲਾਂ ਆਉਣ ਲੱਗ ਪਈਆਂ ਤੇ ਲੋਕ ਇਸ ਅਨੋਖੇ ਮੁਕਾਬਲੇ ‘ਚ ਹਿੱਸਾ ਲੈਣ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਪਿੰਡ ਵਾਸੀਆਂ ਦੇ ਮੁਤਾਬਕ, ਇਸ ਮੁਕਾਬਲੇ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਮੋਬਾਈਲ ਦੇ ਅਤਿ-ਵਰਤੋਂ ਤੋਂ ਦੂਰ ਕਰਨਾ ਹੈ ਅਤੇ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ, ਪਰਿਵਾਰ ਨਾਲ ਸਮਾਂ ਬਿਤਾਉਣ ਅਤੇ ਸਮਾਜਿਕ ਮਿਲਾਪ ਵਧਾਉਣ ਲਈ ਪ੍ਰੇਰਿਤ ਕਰਨਾ ਹੈ।