ਅੰਮ੍ਰਿਤਸਰ: ਗੁੜਗਾਓਂ ਦੇ ਰਿਆਨ ਇੰਟਰਨੈਸ਼ਲ ਸਕੂਲ ਵਿੱਚ ਪੜ੍ਹਨ ਵਾਲੇ 7 ਸਾਲ ਦੇ ਪ੍ਰਦਿਊਮਨ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਕਰੜਾ ਰੁਖ ਇਖਤਿਆਰ ਕਰ ਲਿਆ ਹੈ। ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਬੱਚਿਆਂ ਦੀ ਸੁਰੱਖਿਆ ਤੇ ਸੇਫਟੀ ਨੂੰ ਲੈ ਕੇ ਅਜਿਹਾ ਵਾਤਾਵਰਨ ਬਣਾਉਣ ਜਿਸ ਵਿੱਚ ਬੱਚਿਆਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਬਿਹਤਰ ਤਰੀਕੇ ਨਾਲ ਕੀਤਾ ਜਾ ਸਕੇ।


ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਬਾਹਰ ਤੋਂ ਸਕੂਲ ਅੰਦਰ ਆਉਣ ਵਾਲਿਆਂ ਦੀ ਮੋਨੀਟਰਿੰਗ ਕਰਨ। ਇਸ ਦੇ ਨਾਲ ਹੀ ਸਕੂਲਾਂ ਦੇ ਅਧਿਆਪਕਾਂ ਦੇ ਨਾਲ-ਨਾਲ ਨਾਨ-ਟੀਚਿੰਗ ਸਟਾਫ ਅਟੈਂਡੈਂਟ, ਬੱਸ ਚਾਲਕ, ਕੰਡਕਟਰ ਤੇ ਚਪੜਾਸੀ ਦੀ ਨਿਯੁਕਤੀ ਪੂਰੀ ਤਰ੍ਹਾਂ ਪੜਤਾਲ ਤੇ ਵੈਰੀਫਿਕੇਸ਼ਨ ਤੋਂ ਬਾਅਦ ਹੀ ਕੀਤੀ ਜਾਵੇ।

ਕਮਿਸ਼ਨ ਦੇ ਮੈਂਬਰ ਜਗਮੋਹਨ ਸਿੰਘ ਨੇ ਦੱਸਿਆ ਕਿ ਸਕੂਲਾਂ ਦਾ ਹਰ ਇੱਕ ਹਿੱਸਾ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਣਾ ਚਾਹੀਦਾ ਹੈ। ਸਕੂਲ ਵਿੱਚ ਪੜ੍ਹਨ ਵਾਲੇ ਲੜਕੇ ਤੇ ਲੜਕੀਆਂ ਦੇ ਨਾਲ-ਨਾਲ ਸਟਾਫ ਦੇ ਬਾਥਰੂਮ ਵੀ ਵੱਖਰੇ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਕਮਿਸ਼ਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਬੱਚਿਆਂ ਦੇ ਵਾਸ਼ਰੂਮ ਜਾਂ ਪਾਣੀ ਪੀਣ ਵਾਲੀ ਥਾਂ 'ਤੇ ਸਕੂਲ ਬੱਸ ਦੇ ਡਰਾਈਵਰ, ਕੰਡਕਟਰ ਜਾਂ ਹੋਰ ਕਿਸੇ ਦੇ ਜਾਣ 'ਤੇ ਮਨਾਹੀ ਹੋਣੀ ਚਾਹੀਦੀ ਹੈ।

ਸਕੂਲ ਤੋਂ ਬੱਚੇ ਨੂੰ ਲਿਜਾਣ ਤੋਂ ਲੈ ਕੇ ਉਸਦੇ ਘਰ ਤੱਕ ਪਹੁੰਚਾਉਣ ਦੀ ਜ਼ਿਮੇਵਾਰੀ ਸਕੂਲ ਪ੍ਰਿੰਸੀਪਲ ਜਾਂ ਹੈੱਡ ਦੀ ਹੀ ਹੋਵੇਗੀ। ਇਸ ਤੋਂ ਇਲਾਵਾ ਕੋਈ ਵੀ ਅਣਜਾਣ ਵਿਅਕਤੀ ਵਿਜ਼ੀਟਰ ਰਿਕਾਰਡ ਆਪਣਾ ਨਾਮ ਦਰਜ ਕਰਵਾਏ ਬਗੈਰ ਸਕੂਲ ਅੰਦਰ ਦਾਖਲ ਨਹੀਂ ਹੋਵੇਗਾ।