ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 8 ਸਤੰਬਰ ਦੇ ਪੰਜਾਬ ਦੌਰੇ ਤੋਂ ਪਹਿਲਾਂ ਵੱਡਾ ਝਟਕਾ ਲੱਗ ਸਕਦਾ ਹੈ। ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਪੰਜਾਬ ਵਿੱਚ ਨਵੇਂ ਗਠਿਤ ਹੋਣ ਵਾਲੇ ਆਵਾਜ਼-ਏ-ਪੰਜਾਬ ਫ਼ਰੰਟ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਫ਼ਰੰਟ ਬੀਜੇਪੀ ਦੇ ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਵਿਧਾਇਕ ਪਰਗਟ ਸਿੰਘ ਤੇ ਲੁਧਿਆਣਾ ਦੇ ਬੈਂਸ ਭਰਾਵਾਂ ਨਾਲ ਮਿਲ ਕੇ ਗਠਿਤ ਕੀਤਾ ਗਿਆ ਹੈ।
ਸੁੱਚਾ ਸਿੰਘ ਛੋਟੇਪੁਰ ਨੇ ਮੰਗਲਵਾਰ ਤੋਂ ਪੰਜਾਬ ਪਰਿਵਰਤਨ ਯਾਤਰਾ ਸ਼ੁਰੂ ਕਰ ਦਿੱਤੀ ਹੈ। ਯਾਤਰਾ ਤੋਂ ਪਹਿਲਾਂ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਛੋਟੇਪੁਰ ਨੇ ਆਖਿਆ ਕਿ ਉਹ ਆਪਣੇ ਅਗਲੇ ਸਿਆਸੀ ਕਦਮ ਬਾਰੇ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਐਲਾਨ ਕਰਨਗੇ ਪਰ ਸੂਤਰਾਂ ਅਨੁਸਾਰ ਛੋਟੇਪੁਰ ਦੀ ਸਿੱਧੂ ਦੇ ਫ਼ਰੰਟ ਨਾਲ ਗੱਲਬਾਤ ਹੋ ਚੁੱਕੀ ਹੈ।
ਸੂਤਰਾਂ ਅਨੁਸਾਰ Eਵਾਜ਼-ਏ-ਪੰਜਾਬ ਫ਼ਰੰਟ ਵਿੱਚ ਨਵਜੋਤ ਸਿੱਧੂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹੋਣਗੇ ਜਦੋਂਕਿ ਛੋਟੇਪੁਰ ਇਸ ਫ਼ਰੰਟ ਦੇ ਮੁਖੀ ਹੋਣਗੇ। ਜਾਣਕਾਰੀ ਅਨੁਸਾਰ ਸੁੱਚਾ ਸਿੰਘ ਛੋਟੇਪੁਰ 9 ਸਤੰਬਰ ਨੂੰ ਸਿੱਧੂ ਧੜੇ ਵਿੱਚ ਸ਼ਾਮਲ ਹੋਣਗੇ। ਯਾਦ ਰਹੇ ਕਿ ਅਵਾਜ਼-ਏ-ਪੰਜਾਬ ਗਰੁੱਪ ਵੱਲੋਂ 8 ਸਤੰਬਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਤੇ ਫ਼ਰੰਟ ਦੇ ਹੋਰ ਆਗੂ ਆਪਣੀ ਭਵਿੱਖ ਦੀ ਰਣਨੀਤੀ ਮੀਡੀਆ ਸਾਹਮਣੇ ਰੱਖਣਗੇ।