ਲੁਧਿਆਣਾ: ਖ਼ਰਾਬ ਸਿਹਤ ਤੇ ਮੰਦੀ ਆਰਥਕ ਹਾਲਤ ਦੇ ਚੱਲਦਿਆਂ ਪੰਜਾਬੀ ਸਿਨੇਮਾ ਦੇ ਉੱਘੇ ਅਦਾਕਾਰ ਸਤੀਸ਼ ਕੌਲ ਨੂੰ ਕੈਪਟਨ ਸਰਕਾਰ ਨੇ ਵਿੱਤੀ ਮਦਦ ਭੇਜੀ ਹੈ। ਲੁਧਿਆਣਾ ਦੇ ਸਹਾਇਕ ਕਮਿਸ਼ਨਰ ਸਾਗਰ ਸੇਤੀਆ ਨੇ ਪੰਜ ਲੱਖ ਰੁਪਏ ਦਾ ਚੈੱਕ ਸਤੀਸ਼ ਕੌਲ ਨੂੰ ਸੌਂਪਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਟਵੀਟ ਕਰਕੇ ਉਨ੍ਹਾਂ ਦੀ ਸਿਹਤ ਪ੍ਰਤੀ ਫਿਕਰਮੰਦੀ ਜ਼ਾਹਰ ਕੀਤੀ ਸੀ ਤੇ ਅਧਿਕਾਰੀਆਂ ਨੂੰ ਮਦਦ ਕਰਨ ਦੇ ਨਿਰਦੇਸ਼ ਦਿੱਤੇ ਸਨ।


ਕੌਲ ਦੀ ਮਦਦ ਲਈ ਪੰਜਾਬੀ ਸਿਨੇਮਾ ਦੇ ਕਈ ਹੋਰ ਕਲਾਕਾਰ ਵੀ ਪਹੁੰਚ ਰਹੇ ਹਨ। ਸਤੀਸ਼ ਕੌਲ 80ਵੇਂ ਤੇ 90ਵੇਂ ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਅਦਾਕਾਰ ਹਨ। ਉਨ੍ਹਾਂ ਆਪਣੇ ਦੌਰ ਵਿੱਚ ਕਈ ਹਿੱਟ ਫ਼ਿਲਮਾਂ ਸਮੇਤ ਤਕਰੀਬਨ 300 ਹਿੰਦੀ ਤੇ ਪੰਜਾਬੀ ਫ਼ਿਲਮਾਂ ਦਿੱਤੀਆਂ। ਇਨ੍ਹਾਂ ਵਿੱਚੋਂ ਪਟੋਲਾ, ਦੋ ਪੋਸਤੀ ਤੇ ਰਾਣੋ ਮਸ਼ਹੂਰ ਹਨ। ਉਹ ਪੰਜਾਬੀ ਫ਼ਿਲਮਾਂ ਵਿੱਚ ਬਜ਼ੁਰਗ ਕਿਰਦਾਰ ਵੀ ਨਿਭਾਉਂਦੇ ਰਹੇ ਪਰ ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਹ ਵੀ ਬੰਦ ਹੈ।


ਕੁਝ ਦਿਨ ਪਹਿਲਾਂ ਜਦ ਇਹ ਮਾਮਲਾ ਮੀਡੀਆ ਵਿੱਚ ਆਇਆ ਸੀ ਤਾਂ ਸਤੀਸ਼ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਹੁਣ ਦਵਾਈ ਖਰੀਦਣ ਲਈ ਵੀ ਪੈਸੇ ਨਹੀਂ ਬਚੇ। ਉਨ੍ਹਾਂ ਸਰਕਾਰ ਤੋਂ ਦਵਾਈਆਂ ਅਤੇ ਸਹਾਇਕ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ। ਸਤੀਸ਼ ਨੇ ਇਹ ਵੀ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਘਰ ਦੀ ਵੀ ਲੋੜ ਹੈ ਅਤੇ ਨਾਲ ਹੀ ਉਹ ਇੱਕ ਸਕੂਲ ਚਾਹੁੰਦੇ ਹਨ ਜਿੱਥੇ ਉਹ ਬੱਚਿਆਂ ਨੂੰ ਪੜ੍ਹਾ ਸਕਣ। ਅੱਜ ਵੀ ਉਨ੍ਹਾਂ ਸਰਕਾਰ ਤੋਂ ਵਿੱਤੀ ਸਹਾਇਤਾ ਪਾ ਕੇ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਉਨ੍ਹਾਂ ਦੀਆਂ ਬਾਕੀ ਮੰਗਾਂ ਵੀ ਮੰਨ ਲਈਆਂ ਜਾਣਗੀਆਂ।