ਬਠਿੰਡਾ: ਅੱਜ ਸਵੇਰੇ ਤਕਰਬੀਨ 10 ਵਜੇ ਗੈਂਗਸਟਰਾਂ ਨੂੰ ਭੁੱਚੋ ਮੰਡੀ ਤੋਂ ਬੰਦੂਕ ਦੀ ਨੋਕ 'ਤੇ ਕਾਰ ਖੋਹਣੀ ਮਹਿੰਗੀ ਪੈ ਗਈ। ਪੁਲਿਸ ਨੇ ਗੱਡੀ ਦਾ ਪਿੱਛਾ ਕਰਦਿਆਂ ਮੁਕਾਬਲੇ ਮਗਰੋਂ 5 ਗੈਂਗਸਟਰਾਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਤੇ ਇੱਕ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਪਛਾਣ ਮਨਪ੍ਰੀਤ ਮੰਨਾ ਤੇ ਪ੍ਰਭਦੀਪ ਵਜੋਂ ਹੋਈ ਹੈ ਤੇ ਜ਼ਖ਼ਮੀ ਦਾ ਨਾਂ ਅੰਮ੍ਰਿਤਪਾਲ ਦੱਸਿਆ ਜਾ ਰਿਹਾ ਹੈ। ਉਕਤ ਪੰਜ ਗੈਂਗਸਟਰ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਸਨ। ਗੌਂਡਰ ਦੇ ਇਹ ਸਾਥੀ ਸਫੈਦ ਸਕਾਰਪੀਓ ਕਾਰ (ਪੀ.ਬੀ. 02 ਸੀ.ਐਕਸ. 8395) ਵਿੱਚ ਜਾ ਰਿਹਾ ਸੀ। ਉਨ੍ਹਾਂ ਨੇ ਭੁੱਚੋ ਕੋਲ ਆ ਕੇ ਟੋਲੀਆਂ ਵਿੱਚ ਵੰਡੇ ਜਾਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਮੰਨਾ ਤੇ ਸਾਥੀਆਂ ਨੇ ਭੁੱਚੋ ਮੰਡੀ ਤੋਂ ਬੰਦੂਕ ਦੀ ਨੋਕ 'ਤੇ ਫਾਰਚੂਨਰ ਗੱਡੀ ਖੋਹ ਲਈ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਬਠਿੰਡਾ ਤਲਵੰਡੀ ਸਾਬੋ ਮਾਰਗ 'ਤੇ ਪਿੰਡ ਗੁਲਾਬਗੜ੍ਹ ਕੋਲ ਗੈਂਗਸਟਰਾਂ ਨੇ ਪੁਲਿਸ 'ਤੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿੱਚ ਤਿੰਨ ਗੈਂਗਸਟਰ ਫੱਟੜ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਦੋ ਦੀ ਮੌਤ ਹੋ ਗਈ। ਫੜੇ ਗਏ ਦੋ ਹੋਰ ਗੈਂਗਸਟਰਾਂ ਦੀ ਪਛਾਣ ਭਿੰਦਾ ਤੇ ਗਿੰਦਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਤੋਂ 9-MM ਦਾ ਪਿਸਟਲ, .32 ਬੋਰ ਦਾ ਪਿਸਟਲ ਤੇ .315 ਬੋਰ ਦਾ ਪਿਸਟਲ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਮੁਕਾਬਲਾ ਯਮੁਨਾਨਗਰ ਦੇ ਪਿੰਡ ਛਛਰੌਲੀ ਤੋਂ ਗੌਂਡਰ ਨੂੰ ਪਨਾਹ ਦੇਣ ਵਾਲੇ ਦਰਸ਼ਨ ਸਿੰਘ ਭੂਰਾ ਦੀ ਗ੍ਰਿਫਤਾਰੀ ਤੋਂ ਦੋ ਦਿਨ ਬਾਅਦ ਹੋਇਆ ਹੈ। ਯਮੁਨਾਨਗਰ ਦੇ ਪੁਲਿਸ ਕਪਤਾਨ ਰਾਜੇਸ਼ ਕਾਲੀਆ ਨੇ ਦੱਸਿਆ ਸੀ ਕਿ ਪੁਲਿਸ ਨੂੰ ਗੌਂਡਰ ਦੇ ਭੂਰਾ ਦੇ ਫਾਰਮਹਾਊਸ 'ਤੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਦੱਸਿਆ ਜਾ ਰਿਹਾ ਸੀ ਕਿ ਗੌਂਡਰ ਵੱਲੋਂ ਲੁਧਿਆਣਾ ਤੋਂ ਲੁੱਟੀ ਫਾਰਚੂਨਰ ਕਾਰ ਛਛਰੌਲੀ ਲਾਗੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਗੌਂਡਰ ਬੀਤੇ ਸਾਲ ਪੰਜਾਬ ਦੇ ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਹੈ।