ਚੰਦੂਮਾਜਰਾ ਦੀ 'ਹਿੰਦੀ' ਮਗਰੋਂ ਹੁਣ ਹਰਸਿਮਰਤ ਦੀ 'ਅੰਗਰੇਜ਼ੀ' ਦੀ ਵੀਡੀਓ ਵਾਇਰਲ
ਏਬੀਪੀ ਸਾਂਝਾ | 03 Jun 2019 12:01 PM (IST)
ਤਕਰੀਬਨ ਨੌਂ ਮਿੰਟ ਲੰਮੀ ਵੀਡੀਓ ਵਿੱਚੋਂ ਸਾਢੇ ਕੁ ਛੇ ਮਿੰਟ 'ਤੇ ਹਰਸਿਮਰਤ ਬਾਦਲ ਦੇ ਮੂੰਹੋਂ ਅਚਾਨਕ ਨਿਕਲੇ ਬੋਲ ਦੀ ਛੋਟੀ ਕਲਿੱਪ ਕੱਟ ਕੇ ਸੋਸ਼ਲ ਮੀਡੀਆ 'ਤੇ ਖਾਸੀ ਵਾਇਰਲ ਹੋ ਰਹੀ ਹੈ।
ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਟਪਟੀ ਹਿੰਦੀ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੀ ਅੰਗਰੇਜ਼ੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਰਸਿਮਰਤ ਬਾਦਲ ਅੰਗਰੇਜ਼ੀ ਬੋਲਦੇ-ਬੋਲਦੇ ਕੁਝ ਸ਼ਬਦ ਪੰਜਾਬੀ ਦੇ ਕਹਿ ਜਾਂਦੇ ਹਨ। ਇਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਵੀ ਹੋ ਰਹੇ ਹਨ। ਦਰਅਸਲ, ਬੀਤੀ ਦੇਰ ਰਾਤ ਹਰਸਿਮਰਤ ਬਾਦਲ ਬਠਿੰਡਾ-ਬਾਦਲ ਸੜਕ ‘ਤੇ ਟੋਏ ਹੋਣ ਕਰਕੇ ਜ਼ਖ਼ਮੀ ਹੋਏ ਸਕੂਟਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਪੋਤਰੇ ਤੇ ਪੋਤਰੀਆਂ ਨੂੰ ਸਹਾਇਤਾ ਦੇਣ ਲਈ ਰੁਕੇ ਸਨ। ਬਾਦਲ ਨੇ ਜ਼ਖ਼ਮੀ ਬੱਚਿਆਂ ਦੀ ਮੱਲ੍ਹਮ ਪੱਟੀ ਵੀ ਕੀਤੀ ਤੇ ਸੜਕ ਵਿਚਲੇ ਡੂੰਘੇ ਟੋਏ ਦੀ ਮੁਰੰਮਤ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਫ਼ੋਨ 'ਤੇ ਨਿਰਦੇਸ਼ ਵੀ ਦੇਣ ਲੱਗੇ। ਡੀਸੀ ਨਾਲ ਫੋਨ ‘ਤੇ ਗੱਲ ਕਰਦਿਆਂ ਹਰਸਿਮਰਤ ਬਾਦਲ ਪਹਿਲਾਂ ਤਾਂ ਸਮੱਸਿਆ ਤੇ ਟੋਏ ਦੀ ਨਿਸ਼ਾਨਦੇਹੀ ਹਿੰਦੀ ਵਿੱਚ ਦੱਸੀ, ਫਿਰ ਅਚਾਨਕ ਉਹ ਅੰਗਰੇਜ਼ੀ ਬੋਲਣ ਲੱਗੇ। ਅੰਗਰੇਜ਼ੀ ਬੋਲਦੇ-ਬੋਲਦੇ ਹਰਸਿਮਰਤ ਬਾਦਲ ਨੇ ਕਹਿ ਦਿੱਤਾ, "ਦੇਅਰ ਇਜ਼ ਬਿੱਗ ਟੋਆ ਇਨ ਦ ਸੜਕ।" ਇਸ ਦੌਰਾਨ ਉਹ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਵੀਡੀਓ ਸਾਂਝੀ ਕਰ ਰਹੇ ਸਨ। ਤਕਰੀਬਨ ਨੌਂ ਮਿੰਟ ਲੰਮੀ ਵੀਡੀਓ ਵਿੱਚੋਂ ਸਾਢੇ ਕੁ ਛੇ ਮਿੰਟ 'ਤੇ ਹਰਸਿਮਰਤ ਬਾਦਲ ਦੇ ਮੂੰਹੋਂ ਅਚਾਨਕ ਨਿਕਲੇ ਬੋਲ ਦੀ ਛੋਟੀ ਕਲਿੱਪ ਕੱਟ ਕੇ ਸੋਸ਼ਲ ਮੀਡੀਆ 'ਤੇ ਖਾਸੀ ਵਾਇਰਲ ਹੋ ਰਹੀ ਹੈ। ਦੇਖੋ ਪੂਰੀ ਵੀਡੀਓ-