ਸ੍ਰੀ ਮੁਕਤਸਰ ਸਾਹਿਬ: ਸਥਾਨਕ ਵਿਜਿਲੇਂਸ ਵਿਭਾਗ ਵੱਲੋਂ ਨਹਿਰ ਮਹਿਕਮੇ ਦੇ ਇੱਕ ਪਟਵਾਰੀ ਨੂੰ 10,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਮੁਕਤਸਰ ਦੇ ਬੱਸ ਸਟੈਂਡ ਕੋਲੋਂ ਕਾਬੂ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਿੰਡ ਝੋਟੇਵਾਲਾ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤੇ ਉਸ ਨੇ 2006 ਵਿੱਚ ਸ਼ੋਭਾ ਰਾਮ ਨਾਂ ਦੇ ਵਿਅਕਤੀ ਕੋਲੋਂ ਕਰੀਬ 12 ਏਕੜ 2 ਕਨਾਲ 2 ਮਰਲੇ ਜ਼ਮੀਨ ਖਰੀਦੀ ਸੀ ਤੇ ਪਟਵਾਰੀ ਨਹਿਰੀ ਪਾਣੀ, ਜੋ ਜ਼ਮੀਨ ਨੂੰ ਲੱਗਦਾ ਸੀ, ਦੀ ਵਾਰ ਬੰਦੀ ਨੂੰ ਬਦਲਣ ਲਈ 20,000 ਦੀ ਰਿਸ਼ਵਤ ਮੰਗ ਰਿਹਾ ਸੀ।


ਇਸ ਦੇ ਚੱਲਦਿਆਂ ਸ਼ਿਕਾਇਤਕਰਤਾ ਨੇ ਇਸ ਦੀ ਸੂਚਨਾ ਵਿਜੀਲੈਂਸ ਵਿਭਾਗ ਮੁਕਤਸਰ ਨੂੰ ਦਿੱਤੀ ਤੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਉਕਤ ਪਟਵਾਰੀ ਨੂੰ ਕਾਬੂ ਕਰਣ ਲਈ ਟਰੈਪ ਲਗਾ ਕੇ ਮੁਕਤਸਰ ਦੇ ਬਸ ਅੱਡੇ ਕੋਲੋਂ 10,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ।


ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਪਟਵਾਰੀ ਉਨ੍ਹਾਂ ਤੋਂ ਪਾਣੀ ਦੀ ਵਾਰ ਬੰਦੀ ਨੂੰ ਬਦਲ ਕੇ ਉਨ੍ਹਾਂ ਦੇ ਨਾਂ ਕਰਣ ਲਈ 20,000 ਦੀ ਰਿਸ਼ਵਤ ਮੰਗ ਰਿਹਾ ਸੀ ਤੇ 18,000 ਰੁਪਏ ਵਿੱਚ ਸੌਦਾ ਤੈਅ ਹੋ ਗਿਆ ਸੀ। ਅੱਜ ਇਹ ਪਟਵਾਰੀ ਉਨ੍ਹਾਂ ਤੋਂ 10 ਹਜ਼ਾਰ ਰੂਪਏ ਦੀ ਪਹਿਲੀ ਕਿਸ਼ਤ ਲੈਣ ਲਈ ਮੁਕਤਸਰ ਬਸ ਅੱਡੇ ਦੇ ਕੋਲ ਅੱਪੜਿਆ ਤਾਂ ਵਿਜਿਲੈਂਸ ਵਿਭਾਗ ਦੀ ਟੀਮ ਨੇ ਇਸ ਪਟਵਾਰੀ ਨੂੰ ਦਬੋਚ ਲਿਆ।