Punjab News : ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਅੱਜ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਹੋਏ ਹਨ। ਵਿਜੀਲੈਂਸ ਵੱਲੋਂ ਕਰੀਬ 8 ਘੰਟੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਵਿਜੀਲੈਂਸ ਵੱਲੋਂ ਅੱਜ 40 ਤੋਂ 50 ਦੇ ਕਰੀਬ ਸਵਾਲ ਕੀਤੇ ਗਏ ਹਨ।  ਵਿਜੀਲੈਂਸ ਵੱਲੋਂ ਬਲਬੀਰ ਸਿੰਘ ਸਿੱਧੂ ਨੂੰ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜੇ ਮਾਮਲੇ ਵਿੱਚ ਤਲਬ ਕੀਤਾ ਗਿਆ ਸੀ। 

 

ਵਿਜੀਲੈਂਸ ਦਫ਼ਤਰ ਤੋਂ ਬਾਹਰ ਆਉਣ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਦੱਸਿਆ ਕਿ ਉਨ੍ਹਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਸਵਾਲ ਕੀਤੇ ਗਏ। ਜਿਨ੍ਹਾਂ ਦਾ ਉਨ੍ਹਾਂ ਨੇ ਇਕ -ਇਕ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਮੁੜ 5 ਮਈ ਨੂੰ ਬੁਲਾਇਆ ਗਿਆ ਹੈ। ਦੱਸਣਯੋਗ ਹੈ ਕਿ ਕਰੀਬ 1 ਮਹੀਨਾ ਪਹਿਲਾਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਜਾਇਦਾਦ ਤੇ ਖਾਤਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ। 

 


 

ਓਧਰ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਵਿਜੀਲੈਂਸ ਤੋਂ ਹਫ਼ਤੇ ਦੀ ਮੋਹਲਤ ਮੰਗੀ ਹੈ। ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਚੰਨੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਵਿਜੀਲੈਂਸ ਭਵਨ ਮੁਹਾਲੀ ਵਿੱਚ ਸੱਦਿਆ ਗਿਆ ਸੀ।

 


ਦੱਸ ਦਈਏ ਕਿ ਇਸ ਤੋਂ ਪਹਿਲਾਂ ਚਰਨਜੀਤ ਚੰਨੀ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ ਹੋ ਚੁੱਕੇ ਹਨ। ਵਿਜੀਲੈਂਸ ਨੇ ਉਨ੍ਹਾਂ ਤੋਂ ਕਰੀਬ ਸੱਤ ਘੰਟੇ ਪੁੱਛ ਪੜਤਾਲ ਕੀਤੀ ਗਈ ਸੀ। ਇਸ ਮਗਰੋਂ ਉਨ੍ਹਾਂ ਨੂੰ ਦੁਬਾਰਾ 21 ਅਪਰੈਲ ਨੂੰ ਸੱਦਿਆ ਗਿਆ ਸੀ।


ਚੰਨੀ 'ਤੇ ਆਮਦਨ ਤੋਂ ਵੱਧ ਜਾਇਦਾਦ ਦਾ ਦੋਸ਼ ਲਾਇਆ ਗਿਆ ਹੈ ਪਰ ਚੰਨੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਜਦਕਿ 'ਆਪ' ਸਰਕਾਰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਚੰਨੀ ਦੇ ਨਾਮਜ਼ਦਗੀ ਪੱਤਰਾਂ 'ਚ 10 ਕਰੋੜ ਰੁਪਏ ਦਾ ਹਵਾਲਾ ਦੇਣ ਦੀ ਗੱਲ ਕਹਿ ਰਹੀ ਹੈ।