Punjab News: ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਸੰਗਰੂਰ ਪੁਲਿਸ ਵੱਲੋਂ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਖ਼ਿਲਾਫ਼ ਧਾਰਾ 188 ਆਈਪੀਸੀ, 51 ਆਫ਼ਤ ਪ੍ਰਬੰਧਨ ਐਕਟ 2005 ਤਹਿਤ ਫਰਵਰੀ ਮਹੀਨੇ ਵਿੱਚ ਦਰਜ ਹੋਏ ਦੋ ਕੇਸਾਂ ’ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਤੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸੰਗਰੂਰ ਦੀ ਅਦਾਲਤ ਵੱਲੋਂ ਦੋਵੇਂ ਕੇਸਾਂ ਵਿੱਚ ਸਿੰਗਲਾ ਨੂੰ 17 ਅਕਤੂਬਰ ਲਈ ਸੰਮਨ ਜਾਰੀ ਕੀਤੇ ਗਏ ਹਨ।
ਉਧਰ, ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੋਣ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਲੱਗੇ ਦੋਸ਼ਾਂ ਬਾਰੇ ਹੁਣ ਹੀ ਜਾਣਕਾਰੀ ਮਿਲੀ ਹੈ। ਲੱਗੇ ਦੋਸ਼ਾਂ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ। ਉਨ੍ਹਾਂ ਨੂੰ ਅਦਾਲਤ ’ਤੇ ਪੂਰਾ ਵਿਸ਼ਵਾਸ ਹੈ ਤੇ ਉਹ ਅਦਾਲਤ ’ਚ ਆਪਣਾ ਪੱਖ ਰੱਖਣਗੇ।
ਇਸ ਬਾਰੇ ਥਾਣਾ ਸਿਟੀ ਦੀ ਪੁਲਿਸ ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ 9 ਫਰਵਰੀ 2022 ਨੂੰ ਫਲਾਇੰਗ ਸਕੁਐਡ ਦੀ ਟੀਮ ਦੇ ਇੰਚਾਰਜ ਰਾਜਿੰਦਰ ਕੁਮਾਰ ਨੇ ਰਾਤ ਕਰੀਬ 9.45 ਵਜੇ ਖਲੀਫ਼ਾ ਗਲੀ, ਸੰਗਰੂਰ ਦੀ ਚੈਕਿੰਗ ਕੀਤੀ। ਉੱਥੇ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਸੜਕ ’ਤੇ 70-80 ਅਣਪਛਾਤੇ ਵਿਅਕਤੀਆਂ ਦੀ ਸਿਆਸੀ ਰੈਲੀ/ਮੀਟਿੰਗ ਕਰ ਰਹੇ ਸਨ।
ਇਸ ਤਰ੍ਹਾਂ ਬਿਨਾਂ ਪ੍ਰਵਾਨਗੀ ਤੋਂ ਮੀਟਿੰਗ ਕਰ ਕੇ ਤੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 12 ਫਰਵਰੀ 2022 ਨੂੰ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ 12 ਫਰਵਰੀ 2022 ਦੀ ਰਾਤ ਨੂੰ ਕਰੀਬ 10 ਤੋਂ 10.30 ਵਜੇ ਤੱਕ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਵੱਲੋਂ ਬਿਨਾਂ ਇਜਾਜ਼ਤ ਤੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ 200-250 ਵਿਅਕਤੀਆਂ ਦੀ ਸਿਆਸੀ ਰੈਲੀ ਕੀਤੀ ਗਈ।
ਸਿੰਗਲਾ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ। ਥਾਣਾ ਸਿਟੀ ਦੇ ਇੰਚਾਰਜ ਨੇ ਦੱਸਿਆ ਕਿ ਦੋਵੇਂ ਕੇਸਾਂ ਵਿੱਚ ਪੁਲਿਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ ਤੇ ਅਦਾਲਤ ਵੱਲੋਂ ਵਿਜੈਇੰਦਰ ਸਿੰਗਲਾ ਨੂੰ ਦੋਵੇਂ ਮਾਮਲਿਆਂ ਵਿੱਚ 17 ਅਕਤੂਬਰ 2022 ਲਈ ਸੰਮਨ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਦੋਵੇਂ ਕੇਸਾਂ ’ਚ ਚਲਾਨ ਪੇਸ਼ ਕਰਨ ਦੀ ਪੁਸ਼ਟੀ ਕੀਤੀ ਗਈ ਹੈ।