ਫਰੀਦਕੋਟ: ਜਿਲ੍ਹਾ ਫਰੀਦਕੋਟ ਦੇ ਸਬ ਡਵੀਜ਼ਨ ਜੈਤੋ ਅਧੀਨ ਪੈਂਦੇ ਥਾਨਾਂ ਬਾਜਾਖਾਨਾ ਵਿੱਚ ਪੈਂਦੇ ਪਿੰਡ ਲੰਭਵਾਲੀ ਨੂੰ 3 ਸਿੱਖ ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਹੈ। ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਕਫ਼ੀ ਮਜਬੂਤ ਹੈ ਜਿਸ ਦੇ ਚਲਦੇ ਪਿੰਡ ਵਿੱਚ ਕਦੀ ਵੀ ਪਾਰਟੀਬਾਜ਼ੀ ਦਾ ਮਸਲਾ ਨਹੀਂ ਉੱਭਰਿਆ। ਦੱਸਿਆ ਜਾਂਦਾ ਹੈ ਕਿ ਪਿੰਡ ਲੰਭਵਾਲੀ ਵਿਖੇ ਚੜਦੇ ਵਾਲੇ ਪਾਸੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸਨ ਤੇ ਇਥੇ ਉਨ੍ਹਾਂ ਨੇ ਇੱਕ ਕੌਤਕ ਰਚਿਆ ਸੀ। ਇਸ ਦੇ ਨਾਲ ਹੀ ਇਸ ਨਗਰ ਨੂੰ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਵੀ ਪ੍ਰਾਪਤ ਹੈ।


ਕਿਉਂਕਿ ਪਿੰਡ ਲੰਭਵਾਲੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ, ਇਸ ਲਈ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਿੰਡ ਨੂੰ ਵਿਸ਼ੇਸ਼ ਪੈਕੇਜ ਦੀ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ 45 ਪਿੰਡਾਂ ਨੂੰ, ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਆਏ ਸਨ, ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਕੀਮ ਤਹਿਤ 2 ਕਰੋੜ ਰੁਪਏ ਦਿੱਤੇ ਜਾਣਗੇ। ਇਨ੍ਹਾਂ ਵਿੱਚ 1 ਕਰੋੜ ਕੇਂਦਰ ਸਰਕਾਰ ਅਤੇ 1 ਕਰੋੜ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੇ ਗਏ ਸਨ।


ਗੁਰਦੁਆਰਾ ਅਕਾਲਗੜ੍ਹ ਸਾਹਿਬ ਦੀ ਸੇਵਾ ਸੰਭਾਲ ਦਾ ਜ਼ਿੰਮਾ ਇਨ੍ਹੀਂ ਦਿਨੀਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕੋਲ ਹੈ ਤੇ ਇਥੇ ਮੁੱਖ ਸੇਵਾਦਾਰ ਵਜੋਂ ਭਾਈ ਬੂਟਾ ਸਿੰਘ ਸੇਵਾ ਨਿਭਾ ਰਹੇ ਹਨ। ਇਸ ਗੁਰਦੁਆਰੇ ਸਾਹਿਬ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਭਾਈ ਬੂਟਾ ਸਿੰਘ ਨੇ ਦੱਸਿਆ ਕਿ ਇਸ ਸਥਾਨ ਨੂੰ 3 ਸਿੱਖ ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਮਰਦਾਨੇ ਸਮੇਤ ਇਸ ਅਸਥਾਨ 'ਤੇ ਆਏ ਤਾਂ ਇਥੇ ਇਕ ਟਿੱਬੇ 'ਤੇ ਕਿਸੇ ਸੰਤ ਦਾ ਡੇਰਾ ਸੀ ਜਿਸ ਨੇ ਆਪਣਾ ਸਰੀਰ ਭਾਰੀ ਹੋਣ ਦੇ ਚਲਦੇ ਮਰਦਾਨੇ ਨੂੰ ਪਾਣੀ ਪਿਲਾਉਣ ਤੋਂ ਮਨ੍ਹਾ ਕੀਤਾ ਸੀ।



ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਰਾਰਲ (ਸੱਪ) ਬਣਨ ਦਾ ਵਚਨ ਕੀਤਾ ਸੀ, ਜਿਸ ਦਾ ਉਦਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕੀਤਾ ਸੀ। ਇਸੇ ਤਰਾਂ ਜਦ ਗੁਰੂ ਗੋਬਿੰਦ ਸਾਹਿਬ ਜੀ ਇਸ ਅਸਥਾਨ 'ਤੇ ਆਏ ਤਾਂ ਉਨ੍ਹਾਂ ਇੱਥੇ ਜਿਸ ਦਰਖਤ ਨਾਲ ਆਪਣੇ ਘੋੜੇ ਨੂੰ ਬੰਨ੍ਹਿਆਂ ਸੀ, ਉਸ ਉਪਰ ਸੱਪ ਲਟਕ ਰਹੇ ਸਨ। ਉਸ ਸਮੇ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਿ ਇਸ ਪਿੰਡ ਵਿੱਚ ਕਿਸੇ ਦਾ ਵੀ ਸੱਪ ਦੇ ਡੱਸਣ ਨਾਲ ਨੁਕਸਾਨ ਨਹੀਂ ਹੋਵੇਗਾ ਅਤੇ ਅੱਜ ਤੱਕ ਪਿੰਡ ਵਿਚ ਕਦੀ ਵੀ ਕਿਸੇ ਦਾ ਸੱਪ ਦੇ ਕੱਟਣ ਨਾਲ ਨੁਕਸਾਨ ਨਹੀਂ ਹੋਇਆ।