ਫਾਜ਼ਿਲਕਾ: ਸਥਾਨਕ ਪਿੰਡ ਸਰਦਾਰਪੁਰਾ ਦੇ ਰਹਿਣ ਵਾਲੇ ਕਰਾਟੇ ਕੋਚ ਨੂੰ ਦਰਖਤ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਪੀੜਤ ਨੂੰ ਘਰ ‘ਚ ਲੱਗੇ ਇੱਕ ਦਰਖਤ ਨਾਲ ਰੱਸੀ ਨਾਲ ਬੰਨ੍ਹ ਕੇ ਉਸ ਨੂੰ ਕੁੱਟਿਆ ਜਾ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਤੇ ਪੀੜਤ ਨੂੰ ਛੁਡਵਾ ਕੇ ਅਬੋਹਰ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ।


ਅਬੋਹਰ ਹਸਪਤਾਲ ‘ਚ ਦਾਖ਼ਲ ਨੌਜਵਾਨ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮੋਬਾਈਲ ਫੋਨ ਦੀ ਚੋਰੀ ਨੂੰ ਲੈ ਕੇ ਉਸ ਦੀ ਪਿੰਡ ਦੇ ਕੁਝ ਲੋਕਾਂ ਨਾਲ ਲੜਾਈ ਚੱਲ ਰਹੀ ਸੀ, ਜਿਸ ਦੀ ਉਸ ਨੇ ਸ਼ਿਕਾਇਤ ਵੀ ਦਰਜ ਕਰਵਾਈ। ਇਸ ਰੰਜਿਸ਼ ‘ਚ ਹੀ ਉਸ ਨੂੰ ਰਾਹ ਜਾਂਦੇ ਸਮੇਂ ਕੁਝ ਲੋਕਾਂ ਨੇ ਫੜ੍ਹ ਲਿਆ ਤੇ ਬੁਰੀ ਤਰ੍ਹਾਂ ਕੁੱਟਿਆ। ਉਸ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮ ਲੋਕਾਂ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


ਉੱਧਰ ਅਬੋਹਰ ਦੇ ਥਾਣਾ ਇੰਚਾਰਜ ਰੰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਨਾਬਾਲਿਕ ਕੁੜੀ ਦੇ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਪੀੜਤ ਉਨ੍ਹਾਂ ਦੇ ਘਰ ਛੇੜਛਾੜ ਦੀ ਨੀਅਤ ਨਾਲ ਦਾਖਲ ਹੋਇਆ ਸੀ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।