ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਨੇ ਮੰਨਿਆ ਹੈ ਕਿ ਚੋਣ ਮੈਨੀਫੈਸਟੋ ਝੂਠ ਦਾ ਪੁਲੰਦੇ ਹੁੰਦੇ ਹਨ। ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਾਰੀ ਮੈਨੀਫੈਸਟੋ ਝੂਠ ਦਾ ਪੁਲੰਦਾ ਹੈ ਤੇ ਝੂਠ ਦੇ ਪੁਲੰਦੇ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਬੂਲ ਕੀਤਾ ਕਿ ਹਰ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਜਾਰੀ ਕੀਤਾ ਜਾਣ ਵਾਲਾ ਚੋਣ ਮਨੋਰਥ ਪੱਤਰ ਝੂਠਾ ਹੀ ਹੁੰਦਾ ਹੈ।
'ਏਬੀਪੀ ਸਾਂਝਾ' ਨਾਲ ਕੀਤੀ ਗੱਲਬਾਤ ਦੌਰਾਨ ਵਲਟੋਹਾ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਚੋਣਾਂ ਤੋਂ ਪਹਿਲਾਂ ਵਾਅਦੇ ਕਰਦੀਆਂ ਹੈ ਪਰ ਸਾਰੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ। ਹਰ ਪਾਰਟੀ ਵੱਲੋਂ ਜਾਰੀ ਕੀਤੇ ਜਾਣ ਵਾਲਾ ਮੈਨੀਫੈਸਟੋ ਝੂਠਾ ਹੀ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਜੋ ਚੰਨ ਚੜ੍ਹਾਇਆ ਹੈ, ਉਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਹੀ ਪਵੇਗਾ। ਇਸ ਤਰ੍ਹਾਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਅਕਾਲੀ ਦਲ ਨੇ ਸਵੀਕਾਰ ਕਰ ਲਿਆ ਕਿ ਉਨ੍ਹਾਂ ਦਾ ਮੈਨੀਫੈਸਟੋ ਵੀ ਝੂਠ ਦਾ ਪੁਲੰਦਾ ਹੀ ਹੁੰਦਾ ਹੈ।
ਵਲਟੋਹਾ ਨੇ ਇਸ ਸਾਰੇ ਮਾਮਲੇ ਲਈ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਸਿੱਖ ਜ਼ਜ਼ਬਾਤਾਂ ਨਾਲ ਖੇਡਦੀ ਰਹੀ ਹੈ। ਇਸ ਦੀ ਮਿਸਾਲ ਇਹ ਹੈ ਕਿ ਦਿੱਲੀ ਵਿੱਚ ਪਿਆਓ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਆਪ ਨੇਤਾ ਕੁਮਾਰ ਵਿਸ਼ਵਾਸ਼ ਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਖਿਲਾਫ ਜੋ ਸ਼ਬਦ ਕਹੇ ਸਨ, ਉਸ ਤੋਂ ਸਾਫ ਹੈ ਕਿ ਇਹ ਲੋਕ ਸਿੱਖਾਂ ਦੇ ਵਿਰੋਧੀ ਹਨ। ਮੈਨੀਫੈਸਟੋ ਵਾਲੇ ਵਿਵਾਦ ਵਿੱਚ ਵੀ ਕੇਜਰੀਵਾਲ ਦੀ ਜਵਾਬਦੇਹੀ ਬਣਦੀ ਹੈ ਤੇ ਉਨ੍ਹਾਂ ਨੂੰ ਇਸ ਸਬੰਧੀ ਆਪਣੇ ਨੇਤਾਵਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।