Punjab Politics: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਪੰਜ ਤਖ਼ਤਾਂ ਦੇ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਹੈ। ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਬਾਗੀ ਧੜੇ ਦੇ ਮੁਆਫ਼ੀਨਾਮੇ 'ਤੇ 15 ਦਿਨਾਂ ਵਿੱਚ ਆਪਣਾ ਪੱਖ ਪੇਸ਼ ਕਰਨਾ ਹੋਵੇਗਾ। ਬਾਗੀ ਧੜੇ ਨੇ ਇਸ ਮੁਆਫੀਨਾਮੇ ਵਿੱਚ ਸੁਖਬੀਰ ਬਾਦਲ ਉਪਰ ਵੱਡੇ ਸਵਾਲ ਉਠਾਏ ਹਨ।


ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਨਾ ਬਣਦਾ ਹੈ। ਇਸ ਬਾਰੇ ਫੈਸਲਾ ਲੈਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਧਿਕਾਰ ਅਤੇ ਫਰਜ਼ ਦੋਵੇਂ ਹੈ। 


ਸੁਖਬੀਰ ਬਾਦਲ ਤੋਂ ਅੱਜ ਜੋ ਵੀ ਜਵਾਬ ਮੰਗਿਆ ਗਿਆ ਹੈ, ਉਹ ਹਰ ਇਲਜ਼ਾਮ ਦਾ ਨਿਮਰਤਾ ਨਾਲ ਸਪੱਸ਼ਟੀਕਰਨ ਦੇਣਗੇ। ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਜੇ ਉਨ੍ਹਾਂ ਤੋਂ ਸਰਕਾਰ ਵਿੱਚ ਜਾਂ ਸਰਕਾਰ ਤੋਂ ਬਾਹਰ ਕੋਈ ਗ਼ਲਤੀ ਹੋਈ ਹੈ ਤਾਂ ਉਹ ਇਸ ਲਈ ਮੁਆਫੀ ਮੰਗਦੇ ਹਨ। ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਉਹ ਨਿਮਰਤਾ ਸਹਿਤ ਮੁਆਫੀ ਮੰਗਣਗੇ।


ਦਰਅਸਲ ਅੱਜ ਯਾਨੀ ਸੋਮਵਾਰ ਨੂੰ ਅੰਮ੍ਰਿਤਸਰ ਸਥਿਤ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੋਈ ਹੈ। ਪੰਜ ਤਖ਼ਤਾਂ ਦੇ ਜਥੇਦਾਰਾਂ ਨੇ ਅਕਾਲੀ ਦਲ ਦੇ ਬਾਗੀ ਧੜੇ ਦੇ ਮੁਆਫ਼ੀਨਾਮੇ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੂੰ 15 ਦਿਨਾਂ ਵਿੱਚ ਆਪਣਾ ਪੱਖ ਪੇਸ਼ ਕਰਨਾ ਹੋਵੇਗਾ।


ਹਾਸਲ ਜਾਣਕਾਰੀ ਅਨੁਸਾਰ ਗਿਆਨੀ ਰਘਬੀਰ ਸਿੰਘ ਦੀ ਪ੍ਰਧਾਨਗੀ ਹੇਠ ਤਖ਼ਤਾਂ ਦੇ ਸਮੂਹ ਜਥੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਫੈਸਲਾ ਲਿਆ ਕਿ ਸੁਖਬੀਰ ਬਾਦਲ ’ਤੇ ਗੰਭੀਰ ਦੋਸ਼ ਲੱਗੇ ਹਨ। ਇਨ੍ਹਾਂ ਵਿੱਚ ਡੇਰਾ ਮੁਖੀ ਦਾ ਪੱਖ ਪੂਰਨਾ, ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ 90 ਲੱਖ ਰੁਪਏ ਦੇ ਇਸ਼ਤਿਹਾਰ ਜਾਰੀ ਕਰਨਾ ਤੇ ਬੇਅਦਬੀ ਦੇ ਮਾਮਲੇ ਪ੍ਰਮੁੱਖ ਹਨ। ਉਨ੍ਹਾਂ ਉਪਰ ਸੁਖਬੀਰ ਬਾਦਲ ਨੂੰ ਆਪਣਾ ਪੱਖ ਪੇਸ਼ ਕਰਨਾ ਹੋਏਗਾ।


ਇਹ ਵੀ ਪੜ੍ਹੋ-Jathedar on Badal: ਪੰਜ ਸਿੰਘ ਸਾਹਿਬਾਨ ਦਾ ਸੁਖਬੀਰ ਬਾਦਲ ਖਿਲਾਫ਼ ਵੱਡਾ ਐਲਾਨ, ਅਕਾਲੀ ਦਲ ਦੇ ਪ੍ਰਧਾਨ ਨੂੰ 15 ਦਿਨ ਦਾ ਦਿੱਤਾ ਸਮਾਂ