Hoshiarpur News : ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਅਤੇ ਚੋਣ ਰਜਿਸਟ੍ਰੇਸ਼ਨ ਅਫ਼ਸਰ 43-ਹੁਸ਼ਿਆਰਪੁਰ ਵਲੋਂ ਅੱਜ ਸਵੀਪ ਗਤੀਵਿਧੀ ਤਹਿਤ ਡੀ.ਏ.ਵੀ ਕਾਲਜ ਹੁਸ਼ਿਆਰਪੁਰ ’ਚ ‘ਮੇਲਾ ਤੀਆਂ ਦਾ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਰਵਾਇਤੀ ਤਿਉਹਾਰ ਨੂੰ ਮਨਾਉਣ ਅਤੇ ਵੋਟਰ ਜਾਗਰੂਕਤਾ ਅਭਿਆਨ ਨੂੰ ਲੈ ਕੇ ਕਰਵਾਏ ਗਏ ਇਸ ਮੇਲੇ ਦਾ ਉਦੇਸ਼ ਔਰਤ ਵੋਟਰਾਂ ਨੂੰ ਜਾਗਰੂਕ ਕਰਨਾ ਸੀ। ਇਸ ਸਮਾਗਮ ਵਿਚ ਵਧੀਕ ਸੀ.ਈ.ਓ ਪੰਜਾਬ ਵਿਪੁਲ ਉਜਵਲ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
‘ਮੇਲਾ ਤੀਆਂ ਦਾ’ ਪ੍ਰੋਗਰਾਮ ਵਿਚ ਔਰਤਾਂ ਅਤੇ ਬੱਚੀਆਂ ਨੇ ਬੋਲੀ, ਰੈਂਪ ਵਾਕ, ਗਿੱਧਾ, ਨਾਟਕ ਅਤੇ ਹੋਰ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਵਧੀਕ ਸੀ.ਈ.ਓ ਪੰਜਾਬ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਵਾਇਤੀ ਤਿਉਹਾਰ ਤੀਜ ਨੂੰ ਸਵੀਪ ਗਤੀਵਿਧੀ ਨਾਲ ਜੋੜ ਕੇ ਔਰਤਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੀ ਬਹੁਤ ਹੀ ਬਿਹਤਰੀਨ ਕੋਸ਼ਿਸ਼ ਇਸ ਪ੍ਰੋਗਰਾਮ ਰਾਹੀਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਵੋਟ ਪ੍ਰਤੀਸ਼ਤ ਵਧਾਉਣ ਨੂੰ ਲੈ ਕੇ ਸਵੀਪ ਗਤੀਵਿਧੀਆਂ ਲਗਾਤਾਰ ਕਰਵਾਈਆਂ ਜਾਂਦੀਆਂ ਹਨ, ਜਿਸ ਵਿਚ ਸਮਾਜ ਦੇ ਹਰ ਵਰਗ ਦੇ ਵੋਟਰ ਤੱਕ ਵੱਖ-ਵੱਖ ਸਾਧਨਾਂ ਰਾਹੀਂ ਪਹੁੰਚ ਕੇ ਉਨ੍ਹਾਂ ਨੂੰ ਵੋਟ ਬਣਾਉਣ ਤੋਂ ਲੈ ਕੇ ਵੋਟ ਪਾਉਣ ਤੱਕ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਲ 2024 ਵਿਚ ਹੋਣ ਵਾਲੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਾ ਸਿਰਫ ਹੁਸ਼ਿਆਰਪੁਰ ਬਲਕਿ ਪੂਰੇ ਸੂਬੇ ਵਿਚ ਸਵੀਪ ਰਾਹੀਂ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚੋਣਾਂ ਅਜੇ ਅਗਲੇ ਸਾਲ ਹਨ, ਇਸ ਲਈ ਸਭ ਤੋਂ ਪਹਿਲਾ ਸਾਡੀ ਕੋਸ਼ਿਸ਼ ਹੈ ਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦਾ ਵੋਟ ਜ਼ਰੂਰ ਬਣੇ, ਜਿਸ ਲਈ ਬੂਥ ਲੈਵਲ ਅਫ਼ਸਰਾਂ ਰਾਹੀਂ ਵੋਟ ਬਣਾਉਣ ਦਾ ਕੰਮ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਕਿਹਾ ਕਿ ‘ਮੇਲਾ ਤੀਆਂ ਦਾ’ ਵੋਟਰ ਜਾਗਰੂਕਤਾ ਅਭਿਆਨ ਵਿਚ ਔਰਤਾਂ ਅਤੇ ਬੱਚੀਆਂ ਨੇ ਬਹੁਤ ਸ਼ਾਨਦਾਰੀ ਪੇਸ਼ਕਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੇ ਗਿੱਧਾ, ਬੋਲੀਆਂ ਅਤੇ ਨਾਟਕ ਰਾਹੀਂ ਬਹੁਤ ਹੀ ਬਿਹਤਰੀਨ ਢੰਗ ਨਾਲ ਵੋਟਰ ਜਾਗਰੂਕਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫ਼ਸਰ ਘਰ-ਘਰ ਜਾ ਕੇ ਜ਼ਿਲ੍ਹੇ ਦੇ ਸਾਰੇ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਜਾਗਰੂਕ ਕਰ ਰਹੇ ਹਨ।
ਇਸ ਤੋਂ ਇਲਾਵਾ ਜੇਕਰ ਕੋਈ ਨਵੀਂ ਵੋਟ ਬਣਾਉਣਾ ਚਾਹੁੰਦਾ ਹੈ ਤਾਂ ਉਹ ਚੋਣ ਕਮਿਸ਼ਨ ਦੀ ਵੈੱਬਸਾਈਟ ਐਨ.ਵੀ.ਐਸ.ਪੀ ਅਤੇ ਵੋਟਰ ਹੈਲਪਲਾਈਨ ’ਤੇ ਜਾ ਕੇ ਆਪਣੀ ਵੋਟ ਬਣਵਾ ਸਕਦਾ ਹੈ। ਇਸ ਤੋਂ ਇਲਾਵਾ ਵੋਟ ਵਿਚ ਸੁਧਾਈ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੇ ਆਯੋਜਨ ਇਸ ਲਈ ਕੀਤੇ ਜਾਂਦੇ ਹਨ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਵੋਟ ਬਣਾਉਣ ਅਤੇ ਵੋਟ ਲਈ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਨੌਜਵਾਨਾਂ ਅਤੇ ਔਰਤਾਂ ਨੂੰ ਆਪਣਾ ਵੋਟ ਬਣਾਉਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ।
ਮੁੱਖ ਮਹਿਮਾਨ ਵਲੋਂ ਇਸ ਦੌਰਾਨ ਪੇਸ਼ਕਾਰੀ ਕਰਨ ਵਾਲੀਆਂ ਔਰਤਾਂ ਅਤੇ ਬੱਚੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਚੋਣ ਤਹਿਸੀਲਦਾਰ ਹਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਪ੍ਰੋ: ਪੂਜਾ ਵਸ਼ਿਸ਼ਟ, ਚੋਣ ਕਾਨੂੰਗੋ ਦੀਪਕ ਕੁਮਾਰ, ਹਰਪ੍ਰੀਤ ਕੌਰ, ਲਖਵੀਰ ਸਿੰਘ, ਮੇਘਾ ਮਹਿਤਾ, ਪੀ.ਡਬਲਯੂ.ਡੀ ਜ਼ਿਲ੍ਹਾ ਆਈਕਨ ਇੰਦਰਜੀਤ ਨੰਦਨ ਤੋਂ ਇਲਾਵਾ ਪ੍ਰਵੀਨ ਕੌਸ਼ਲ, ਸੰਜੀਵ ਕੌਸ਼ਲ, ਰਾਜਨ ਮੋਂਗਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।