Rajya Sabha Polls: ਰਾਜ ਸਭਾ ਦੀਆਂ ਅੱਠ ਸੀਟਾਂ 'ਤੇ ਅੱਜ ਵੋਟਾਂ ਪੈਣੀਆਂ ਹਨ। ਇਹ ਚੋਣਾਂ ਅਸਾਮ, ਕੇਰਲ, ਹਿਮਾਚਲ ਪ੍ਰਦੇਸ਼, ਨਾਗਾਲੈਂਡ ਤੇ ਤ੍ਰਿਪੁਰਾ ਦੀਆਂ ਅੱਠ ਸੀਟਾਂ 'ਤੇ ਹੋਣਗੀਆਂ। ਅਸਾਮ ਤੋਂ ਦੋ ਉਮੀਦਵਾਰ, ਕੇਰਲ ਤੋਂ ਤਿੰਨ ਉਮੀਦਵਾਰ ਤੇ ਹਿਮਾਚਲ ਪ੍ਰਦੇਸ਼, ਨਾਗਾਲੈਂਡ, ਤ੍ਰਿਪੁਰਾ ਤੋਂ ਇੱਕ-ਇੱਕ ਮੈਂਬਰ ਚੁਣਿਆ ਜਾਣਾ ਹੈ। ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ, ਗੋਆ ਤੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਤਿੰਨ ਹਫ਼ਤੇ ਪਹਿਲਾਂ ਐਲਾਨੇ ਗਏ ਸਨ, ਜਿੱਥੇ ਭਾਜਪਾ ਨੇ ਚਾਰ ਰਾਜਾਂ ਤੇ ਆਮ ਆਦਮੀ ਪਾਰਟੀ ਨੇ ਇੱਕ ਰਾਜ ਵਿੱਚ ਜਿੱਤ ਪ੍ਰਾਪਤ ਕੀਤੀ ਸੀ।

ਰਾਜ ਸਭਾ ਦੇ 13 ਸੰਸਦ ਮੈਂਬਰਾਂ ਦਾ ਕਾਰਜਕਾਲ ਅਗਲੇ ਮਹੀਨੇ ਖਤਮ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਪੰਜਾਬ ਦੇ ਪੰਜ ਸੰਸਦ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ ਪਰ ਪਿਛਲੇ ਹਫ਼ਤੇ ਪੰਜਾਬ ਤੋਂ ਰਾਜ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਸਾਰੇ ਪੰਜ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਸਨ।


ਮੋਦੀ ਸਰਕਾਰ ਦਾ ਭਗਵੰਤ ਮਾਨ ਨੂੰ ਵੱਡਾ ਝਟਕਾ! ਪੇਂਡੂ ਵਿਕਾਸ ਫੰਡ ਦੇ 1100 ਕਰੋੜ ਰੁਪਏ ਰੋਕੇ

'ਆਪ' ਨੇ 31 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਪਾਰਟੀ ਨੇਤਾ ਰਾਘਵ ਚੱਢਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਸ਼ੋਕ ਮਿੱਤਲ, ਆਈਆਈਟੀ ਦਿੱਲੀ ਦੇ ਪ੍ਰੋਫੈਸਰ ਸੰਦੀਪ ਪਾਠਕ ਤੇ ਉਦਯੋਗਪਤੀ ਸੰਜੀਵ ਅਰੋੜਾ ਨੂੰ ਨਾਮਜ਼ਦ ਕੀਤਾ ਸੀ। ਪੰਜਾਬ ਤੋਂ ਰਾਜ ਸਭਾ ਚੋਣਾਂ ਲਈ ਕਿਸੇ ਹੋਰ ਸਿਆਸੀ ਪਾਰਟੀ ਨੇ ਉਮੀਦਵਾਰ ਨਹੀਂ ਖੜ੍ਹਾ ਕੀਤਾ ਸੀ।

ਪੰਜਾਬ ਦੇ ਪੰਜ ਰਾਜ ਸਭਾ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ (ਸ਼੍ਰੋਮਣੀ ਅਕਾਲੀ ਦਲ), ਨਰੇਸ਼ ਗੁਜਰਾਲ (ਸ਼੍ਰੋਮਣੀ ਅਕਾਲੀ ਦਲ), ਪ੍ਰਤਾਪ ਸਿੰਘ ਬਾਜਵਾ (ਕਾਂਗਰਸ), ਸ਼ਮਸ਼ੇਰ ਸਿੰਘ ਦੂਲੋ (ਕਾਂਗਰਸ) ਤੇ ਸ਼ਵੇਤ ਮਲਿਕ (ਭਾਜਪਾ) ਦਾ ਕਾਰਜਕਾਲ 9 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ। ਹਰਭਜਨ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਹਨ। ਜਲੰਧਰ ਦੇ ਰਹਿਣ ਵਾਲੇ ਹਰਭਜਨ ਸਿੰਘ ਨੇ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਤੇ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ ਵੀ ਕੀਤੀ ਹੈ।