ਰਾਜ ਚੋਣ ਕਮਿਸ਼ਨ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅੱਜ ਸੂਬੇ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ 'ਤੇ ਉਪ ਚੋਣਾਂ ਹੋ ਰਹੀਆਂ ਹਨ। ਪੰਚਾਇਤ ਉਪ ਚੋਣਾਂ ਲਈ 90 ਸਰਪੰਚ ਅਤੇ 1771 ਪੰਚਾਂ ਦੀਆਂ ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ। ਇਸੇ ਲੜੀ ਵਿੱਚ, ਉੜਮੁੜ ਟਾਂਡਾ ਦੇ 4 ਪਿੰਡਾਂ ਵਿੱਚ ਖਾਲੀ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਟਾਂਡਾ ਦੇ ਕਾਰਜਕਾਰੀ ਐਸ.ਡੀ.ਐਮ. ਕਵਲਜੀਤ ਸਿੰਘ ਅਤੇ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀ-ਸਹਿ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਨਿਗਰਾਨੀ ਹੇਠ ਬਲਾਕ ਟਾਂਡਾ ਦੇ ਪਿੰਡਾਂ ਕਲਿਆਣਪੁਰ, ਰੜਾ, ਪੱਤੀ ਤਲਵੰਡੀ ਸੱਲਾਂ ਅਤੇ ਰਾਣੀ ਪਿੰਡ ਵਿੱਚ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ।

ਐਸ.ਡੀ.ਐਮ. ਕਵਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਨਤੀਜੇ ਮੌਕੇ 'ਤੇ ਹੀ ਘੋਸ਼ਿਤ ਕੀਤੇ ਜਾਣਗੇ। ਦੱਸਣਯੋਗ ਹੈ ਕਿ ਚੋਣਾਂ ਤੋਂ ਇਲਾਵਾ, ਟਾਂਡਾ ਦੇ ਪਿੰਡਾਂ ਝਾਵਾਂ ਅਤੇ ਮੂਨਕ ਖੁਰਦ ਵਿੱਚ ਖਾਲੀ ਪੰਚਾਇਤ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋ ਚੁੱਕੀ ਹੈ। ਦੂਜੇ ਪਾਸੇ, ਡੀ.ਐਸ.ਪੀ. ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਅਤੇ ਥਾਣਾ ਮੁਖੀ ਕੰਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਨਿਗਰਾਨੀ ਹੇਠ ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚੜ੍ਹਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਚੋਣਾਂ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾਨਗਰ ਅੰਦਰ ਆਉਦੇ ਪਿੰਡ ਸਹਿਜ਼ਾਦਾ ਅਤੇ ਕੋਠੇ ਮਾਈ ਉਮਰੀ ਵਿਖੇ ਸਰਪੰਚਾਂ ਦੀ ਉਪ ਚੋਣ ਹੋਵੇਗੀ, ਜਦੋਂ ਕਿ ਇਸੇ ਹੀ ਬਲਾਕ ਦੇ ਪਿੰਡ ਝੱਖਰਪਿੰਡੀ, ਚੂਹੜ ਚੱਕ, ਬਾਜੀਗਰ ਕੁੱਲੀਆਂ ਭਟੋਆ, ਮੰਜ, ਨਿਆਂਮਤਾ, ਕੋਠੇ ਸਦਾਨਾ, ਕੋਠੇ ਅਬਾਦੀ ਭਗਵਾਨਪੁਰ ਅਤੇ ਤਲਵੰਡੀ ਵਿਖੇ ਪੰਚਾਂ ਦੀ ਉਪ ਚੋਣ ਦੀ ਪ੍ਰਕਿਰਿਆ ਦਾ ਕੰਮ ਅਮਨ-ਸ਼ਾਂਤੀ ਨਾਲ ਸ਼ੁਰੂ ਹੋ ਗਿਆ ਹੈ।

ਇਸ ਦੇ ਤਹਿਤ ਫ਼ਰੀਦਕੋਟ ਦੇ ਪਿੰਡ ਗੋਲੇਵਾਲਾ ਪੋਲਿੰਗ ਸਟੇਸ਼ਨ (ਵਾਰਡ ਨੰਬਰ 2), ਬੀਹਲੇ ਵਾਲਾ (ਵਾਰਡ ਨੰਬਰ 3), ਚੇਤਸਿੰਘ ਵਾਲਾ (ਵਾਰਡ ਨੰਬਰ 3 ਤੇ ਵਾਰਡ ਨੰਬਰ 4) ਅਤੇ ਕਾਬਲ ਵਾਲਾ (ਵਾਰਡ ਨੰਬਰ 1) 'ਚ ਵੋਟਾਂ ਪੈ ਰਹੀਆਂ ਹਨ। ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਤੈਅ ਕੀਤਾ ਗਿਆ ਹੈ। ਇਸ ਤੋਂ ਬਾਅਦ ਪੋਲਿੰਗ ਸਟੇਸ਼ਨ 'ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ।