ਚੰਡੀਗੜ੍ਹ: ਪੰਜਾਬ ਵਿੱਚ ਕੁੱਲ 13,028 ਗ੍ਰਾਮ ਪੰਚਾਇਤਾਂ ਲਈ ਭਲਕੇ ਯਾਨੀ ਐਤਵਾਰ ਨੂੰ ਵੋਟਾਂ ਪੈਣਗੀਆਂ ਹਨ। ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋ ਜਾਵੇਗੀ ਤੇ ਸ਼ਾਮ ਚਾਰ ਵਜੇ ਤਕ ਪੋਲਿੰਗ ਬੂਥਾਂ ਵੋਟਿੰਗ ਲਈ ਖੁੱਲ੍ਹੇ ਰਹਿਣਗੇ।

ਵੋਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਸ਼ਾਮ ਤਕ ਨਤੀਜੇ ਐਲਾਨ ਦਿੱਤੇ ਜਾਣਗੇ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 28,375 ਉਮੀਦਵਾਰ ਸਰਪੰਚੀ ਲਈ ਤੇ 1,04,027 ਉਮਦੀਵਾਰ ਪੰਚ ਦੇ ਅਹੁਦੇ ਲਈ ਵੋਟ ਅਮਲ ਦੀ ਲੜਾਈ ਲੜਨਗੇ।

ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਕੁੱਲ 13, 276 ਪੰਚਾਇਤਾਂ ਵਿੱਚੋਂ 1, 863 ਸਰਪੰਚ ਅਤੇ 22, 203 ਪੰਚ ਬਗ਼ੈਰ ਮੁਕਾਬਲਾ ਜਿੱਤ ਚੁੱਕੇ ਹਨ। ਸਰਪੰਚੀ ਲਈ 49, 000 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ ਸਨ ਅਤੇ ਪੰਚ ਦੇ ਅਹੁਦੇ ਲਈ 1.65 ਲੱਖ ਉਮੀਦਵਾਰਾਂ ਨੇ ਪਰਚੇ ਦਾਖ਼ਲ ਕੀਤੇ ਗਏ ਸਨ।

ਵੋਟਿੰਗ ਤੋਂ ਇੱਕ ਦਿਨ ਪਹਿਲਾਂ ਯਾਨੀ ਸ਼ਨੀਵਾਰ ਨੂੰ ਚੋਣ ਅਮਲੇ ਨੂੰ ਮੱਤ ਪੇਟੀ ਯਾਨੀ ਬੈਲੇਟ ਬਾਕਸ ਤੇ ਚੋਣ ਪੱਤਰਾਂ ਯਾਨੀ ਕਿ ਬੈਲੇਟ ਪੇਪਰ ਦੇ ਨਾਲ-ਨਾਲ ਸਾਰੇ ਲੋੜੀਂਦੇ ਸਮਾਨ ਨਾਲ ਲੈਸ ਕਰ ਕੇ ਸਬੰਧਤ ਥਾਵਾਂ 'ਤੇ ਤੋਰ ਦਿੱਤਾ ਗਿਆ ਹੈ। ਹਾਲਾਂਕਿ, ਜ਼ਿਆਦਾਤਰ ਥਾਵਾਂ 'ਤੇ ਇਹ ਅਮਲ ਠੀਕ ਢੰਗ ਨਾਲ ਜਾਰੀ ਰਿਹਾ, ਪਰ ਮੋਗਾ 'ਚ ਚੋਣ ਡਿਊਟੀ ਭੁਗਤਾਉਣ ਵਾਲੇ ਮੁਲਾਜ਼ਮ ਯੋਗ ਪ੍ਰਬੰਧਾਂ ਦੀ ਘਾਟ ਹੋਣ ਕਾਰਨ ਪ੍ਰੇਸ਼ਾਨ ਹੁੰਦੇ ਵਿਖਾਈ ਦਿੱਤੇ।

ਚੋਣ ਡਿਊਟੀਆਂ 'ਤੇ ਆਏ ਅਧਿਆਪਕਾਂ ਨੇ ਮੋਗਾ ਪ੍ਰਸ਼ਾਸਨ 'ਤੇ ਦੋਸ਼ ਲਾਇਆ ਕਿ ਉਹ ਸਵੇਰ ਤੋਂ ਬੈਠੇ ਹਨ ਪਰ ਸ਼ਾਮ ਛੇ ਵਜੇ ਤਕ ਕਿਸੇ ਨੂੰ ਵੀ ਡਿਊਟੀ ਨਹੀਂ ਵੰਡੀ ਗਈ ਤੇ ਨਾ ਹੀ ਸਮਾਨ ਜਾਰੀ ਕੀਤਾ ਗਿਆ ਹੈ। ਮੁਲਜ਼ਮਾਂ ਖ਼ਦਸ਼ਾ ਜਤਾਇਆ ਕਿ ਜਿਸ ਹਿਸਾਬ ਨਾਲ ਉਨ੍ਹਾਂ ਨੂੰ ਡਿਊਟੀਆਂ ਅਲਾਟ ਕੀਤੀਆਂ ਜਾ ਰਹੀਆਂ ਹਨ, ਉਸ ਤਰ੍ਹਾਂ ਰਾਤ ਦੇ 10 ਵੱਜ ਸਕਦੇ ਹਨ।