ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੋਂ ਆਪਣੇ ਉਮੀਦਵਾਰ ਉਤਾਰਨ ਵਿੱਚ ਅੱਗੇ ਰਹੀ ਹੈ। ਇਸ ਵਾਰ 2014 ਦੇ ਮੁਕਾਬਲੇ ਉਮੀਦਵਾਰਾਂ ਦੀ ਲਿਸਟ ਵਿੱਚ ਆਮ ਚਿਹਰੇ ਹੀ ਸ਼ਾਮਲ ਕੀਤੇ ਗਏ ਹਨ। ਪਿਛਲੀਆਂ ਚੋਣਾਂ ਵਿੱਚ ਸਿੱਖ ਕਤਲੇਆਮ ਦਾ ਕੇਸ ਲੜਨ ਵਾਲੇ ਐਚਐਸ ਫੂਲਕਾ ਤੇ ਸਾਫ ਸੁਥਰੇ ਕਿਰਦਾਰ ਵਾਲੇ ਡਾ. ਧਰਮਵੀਰ ਗਾਂਧੀ ਵਰਗੇ ਵੱਡੇ ਦਿੱਗਜਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਵਾਰ ਇੱਕ ਤਾਂ 'ਆਪ' ਉਮੀਦਵਾਰਾਂ ਖਿਲਾਫ ਅਪਰਾਧਿਕ ਕੇਸ ਦਰਜ ਹਨ ਤੇ ਦੂਜਾ ਪਾਰਟੀ ਦੇ ਅੰਦਰ ਹੀ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ।

ਸੂਤਰਾਂ ਮੁਤਾਬਕ ਕਈ ਵਲੰਟੀਅਰਾਂ ਨੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਜਤਾਈ ਹੈ ਕਿ ਬਗੈਰ ਸਰਵੇ ਕੀਤੇ ਕਮਜ਼ੋਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ। 13 ਵਿੱਚੋਂ 10 ਉਮੀਦਵਾਰਾਂ ਦਾ ਤਾਂ ਪਾਰਟੀ ਅੰਦਰ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਸੰਗਰੂਰ ਤੋਂ ਭਗਵੰਤ ਮਾਨ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦਾ ਪਾਰਟੀ ਅੰਦਰ ਸਖ਼ਤ ਵਿਰੋਧ ਚੱਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਅਜਿਹੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ ਜਿਨ੍ਹਾਂ ਦਾ ਕਿਸੇ ਨੇ ਨਾਂ ਤਕ ਨਹੀਂ ਸੁਣਿਆ।

ਸੋਮਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸੰਗਰੂਰ ਦੇ ਹੋਟਲ ਵਿੱਚ 'ਆਪ' ਦੇ ਐਲਾਨੇ ਗਏ ਸਾਰੇ ਉਮੀਦਵਾਰਾਂ, ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ, ਵਿਧਾਇਕਾਂ ਤੇ ਹੋਰ ਮੁੱਖ ਲੀਡਰਾਂ ਮਾਲ ਬੇਠਕ ਕਰ ਕੇ ਚੋਣ ਰਣਨੀਤੀ ਉਲੀਕੀ। ਉਨ੍ਹਾਂ ਸਾਰੇ ਲੀਡਰਾਂ ਨਾਲ ਖੁੱਲ੍ਹ ਤੇ ਚੋਣ ਪ੍ਰਚਾਰ ਬਾਰੇ ਚਰਚਾ ਕੀਤੀ।