ਅੰਮ੍ਰਿਤਸਰ : (ਰਾਜੀਵ ਸ਼ਰਮਾ) ਅੰਮ੍ਰਿਤਸਰ-ਅਟਾਰੀ ਬਾਈਪਾਸ ਨੇੜੇ ਸਥਾਪਤ ਕੀਤੇ ਗਏ ਦੇਸ਼ ਦੇ ਪਹਿਲੇ "ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ" ਦਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਤਵਾਰ ਨੂੰ ਉਦਘਾਟਨ ਕਰਨਗੇ। ਪਾਰ ਖ਼ਾਸ ਗੱਲ ਇਹ ਹੈ ਕਿ ਮੈਮੋਰੀਅਲ ਅਜੇ ਤੱਕ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਉਦਘਾਟਨ ਤੋਂ ਠੀਕ ਇੱਕ ਦਿਨ ਪਹਿਲਾਂ "ਏਬੀਪੀ"ਦੀ ਟੀਮ ਜਦੋਂ ਇਸ ਦਾ ਵਾਰ ਮੈਮੋਰੀਅਲ ਦਾ ਦੌਰਾ ਕਰਨ ਲਈ ਪਹੁੰਚੀ ਤਾਂ ਤਸਵੀਰਾਂ ਕੁੱਝ ਹੈਰਾਨ ਕਰ ਦੇਣ ਵਾਲੀਆਂ ਸਨ। ਵਾਰ ਮੈਮੋਰੀਅਲ ਦੀ ਬਾਹਰੀ ਦਿੱਖ ਤਾਂ ਪੂਰੀ ਤਰ੍ਹਾਂ ਤਿਆਰ ਕਰ ਲਈ ਗਈ ਹੈ ਪਰ ਅੰਦਰੂਨੀ ਹਿੱਸਾ ਅਜੇ ਵੀ ਅਧੂਰਾ ਵੀ ਪਿਆ ਹੈ।
ਵਾਰ ਮੈਮੋਰੀਅਲ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਹੋਈਆਂ ਵੱਖ-ਵੱਖ ਜੰਗਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੋਧਿਆਂ ਅਤੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਮਾਰਤ ਵਿਚ ਹੁਣ ਤੱਕ ਹੋਈਆਂ ਜੰਗਾਂ ਵਿੱਚ ਸ਼ਹੀਦ ਹੋਏ 3500 ਦੇ ਕਰੀਬ ਪੰਜਾਬੀ ਫ਼ੌਜੀਆਂ ਦੇ ਨਾਂਅ ਵੀ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹੀਦਾਂ ਦੇ ਮਾਣ-ਸਤਿਕਾਰ ਤੇ ਅਦਬ ਵਧਾਉਣ ਲਈ ਇੱਥੇ ਏਸ਼ੀਆ ਦੀ ਸਭ ਤੋਂ ਉੱਚੀ (130 ਫੁੱਟੀ ਉੱਚੀ) ਅਤੇ 54 ਟਨ ਭਾਰੀ ਤਲਵਾਰ ਵੀ ਸਥਾਪਤ ਕੀਤੀ ਗਈ ਹੈ।
ਕਿਰਪਾਨ ਹੇਠਾਂ ਬਣਾਏ ਗਏ ਥੜ੍ਹੇ ਵਿਚ ਨੌਜਵਾਨਾਂ ਨੂੰ ਦੇਸ਼ ਭਗਤੀ ਅਤੇ ਫ਼ੌਜ ਵਿਚ ਜਾਣ ਲਈ ਪ੍ਰੇਰਿਤ ਕਰਨ ਵਾਲੀਆਂ 8 ਗੈਲਰੀਆਂ ਬਣਾਈਆਂ ਗਈਆਂ ਹਨ, ਜਿਸ ਵਿਚ ਪੰਜਾਬੀਆਂ ਵੱਲੋਂ ਵੱਖ-ਵੱਖ ਜੰਗਾਂ ਵਿਚ ਵਿਖਾਏ ਗਏ ਬਹਾਦਰੀ ਭਰੇ ਕਾਰਨਾਮਿਆਂ ਨੂੰ ਕੰਧਾਂ 'ਤੇ ਪੇਂਟਿੰਗ, ਬੁੱਤ, ਇਲੈਕਟ੍ਰੋਨਿਕ ਸਕਰੀਨ ਰਾਹੀਂ ਦਰਸਾਇਆ ਗਿਆ ਹੈ।
ਇਹ ਝਲਕਾਰਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਲੜੀਆਂ 4 ਲੜਾਈਆਂ ਤੋਂ ਸ਼ੁਰੂ ਹੋ ਕੇ ਕਾਰਗਿਲ ਤੱਕ ਦਾ ਵਰਣਨ ਪੇਸ਼ ਕਰਦਾ ਹੈ। ਇਸ ਵਿਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਜਬਰ ਤੇ ਜ਼ੁਲਮ ਵਿਰੁੱਧ ਲੜੀਆਂ ਜੰਗਾਂ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਹੋਏ ਯੁੱਧ, ਐਂਗਲੋ ਸਿੱਖ ਵਾਰ ਦੀਆਂ 6 ਲੜਾਈਆਂ, ਦੋਵਾਂ ਵਿਸ਼ਵ ਯੁੱਧਾਂ ਵਿਚ ਪੰਜਾਬੀ ਫ਼ੌਜੀਆਂ ਵੱਲੋਂ ਵਿਖਾਏ ਜੌਹਰ, 1947-48 ਵਿਚ ਕਸ਼ਮੀਰ ਵਿਚ ਪਾਕਿਸਤਾਨੀ ਧਾੜਵੀਆਂ ਨਾਲ ਲੜੀ ਲੜਾਈ, 1962, 1965, 1971 ਅਤੇ 1999 ਵਿਚ ਹੋਏ ਕਾਰਗਿਲ ਦੀ ਲੜਾਈ ਨੂੰ ਬਾਖ਼ੂਬੀ ਪੇਸ਼ ਕੀਤਾ ਜਾਵੇਗਾ।
ਵਾਰ ਮੈਮੋਰੀਅਲ ਵਿੱਚ ਪਾਕਿਸਤਾਨ ਤੋਂ ਖੋਹੇ ਅਮਰੀਕਾ ਦੇ ਬਣੇ ਸ਼ਰਮਨ ਟੈਂਕ ਅਤੇ 1971 ਦੀ ਜੰਗ ਦੌਰਾਨ ਖੇਮਕਰਨ ਬਾਰਡਰ 'ਤੇ ਤਬਾਹ ਕੀਤੇ ਪਾਕਿਸਤਾਨੀ ਫ਼ੌਜ ਦੇ ਪੈਂਟਨ ਟੈਂਕ ਵੀ ਸਥਾਪਤ ਕੀਤੇ ਗਏ ਹਨ। ਇਨ੍ਹਾਂ ਟੈਂਕਾਂ ਨੂੰ ਤਬਾਹ ਕਰਨ ਲਈ ਭਾਰਤ ਵੱਲੋਂ ਵਰਤਿਆ ਗਿਆ ਸੈਂਚੂਰੀਅਨ ਟੈਂਕ ਵੀ ਇਸ ਯਾਦਗਾਰ ਦੀ ਸ਼ਾਨ ਵਿੱਚ ਵਧਾ ਕਰੇਗਾ| ਇਸ ਦੇ ਨਾਲ-ਨਾਲ 1999 ਦੀ ਕਾਰਗਿਲ ਜੰਗ ਦੌਰਾਨ ਦੁਸ਼ਮਣ ਦੇ ਦੰਦ ਖੱਟੇ ਕਰਨ ਵਿਚ ਵੱਡੀ ਭੂਮਿਕਾ ਨਿਭਾਉਣ ਵਾਲਾ ਰੂਸ ਦਾ ਬਣਿਆ ਮਿੱਗ-23 ਜਹਾਜ਼ ਵੀ ਇੱਥੇ ਵੇਖਣ ਨੂੰ ਮਿਲੇਗਾ | ਮੈਮੋਰੀਅਲ ਦੇਖਣ ਆਉਣ ਵਾਲੇ ਸੈਲਾਨੀਆਂ ਨੂੰ ਇੱਥੇ ਫ਼ੋਟੋ ਖਿੱਚਣ ਦੀ ਵੀ ਪੂਰੀ ਖੁੱਲ੍ਹ ਹੈ। ਪਰ ਇਸ ਦੇ ਲਈ ਸੈਲਾਨੀਆਂ ਨੂੰ 130 ਰੁਪਏ ਖ਼ਰਚ ਕਰਨੇ ਹੋਣਗੇ।
ਚੋਣਾਂ ਤੋਂ ਪਹਿਲਾਂ ਸਰਕਾਰ ਇਸ ਦਾ ਉਦਘਾਟਨ ਕਰ ਕੇ ਪੰਜਾਬ ਦੇ ਸੈਨਿਕਾਂ ਨੂੰ ਖ਼ੁਸ਼ ਕਰਨਾ ਚਾਹੁੰਦੀ ਹੈ ਇਸ ਕਰ ਕੇ ਅੱਧ ਅਧੂਰੇ ਮੈਮੋਰੀਅਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਮੈਮੋਰੀਅਲ ਦਾ ਨੀਂਹ ਪੱਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਫਰਵਰੀ 2014 ਵਿੱਚ ਅੰਮ੍ਰਿਤਸਰ ਵਿੱਚ ਸਾਬਕਾ ਫ਼ੌਜੀਆਂ ਦੀ ਇੱਕ ਵਿਸ਼ਾਲ ਰੈਲੀ ਦੌਰਾਨ ਰੱਖਿਆ ਗਿਆ ਸੀ।