Gurdas Maan - ਲਹਿੰਦੇ ਪੰਜਾਬ ਨੇ ਹੁਣ ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਮੁੱਖ ਮੋੜ ਲਿਆ ਹੈ। ਪਾਕਿਸਤਾਨ ਦੇ ਪੰਜਾਬ ਦੀ ਸੰਸਥਾ ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ ਨੇ ਚੜ੍ਹਦੇ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੂੰ ਸੰਗੀਤ ਪੁਰਸਕਾਰ ਦੇਣ ਦਾ ਫ਼ੈਸਲਾ ਰੱਦ ਕਰ ਦਿੱਤਾ ਹੈ। ਜਦੋਂ ਤੋਂ ਉਨ੍ਹਾਂ ਦੀ ਵਾਰਿਸ ਸ਼ਾਹ ਪੁਰਸਕਾਰ ਲਈ ਚੋਣ ਕੀਤੀ ਗਈ ਸੀ, ਉਦੋਂ ਤੋਂ ਹੀ ਕੈਨੇਡਾ, ਅਮਰੀਕਾ ਤੇ ਪਾਕਿਸਤਾਨ ਦੀਆਂ ਵੱਖ-ਵੱਖ ਸਾਹਿਤਕ ਤੇ ਸਭਿਆਚਾਰਕ ਜਥੇਬੰਦੀਆਂ ਵੱਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ।


 ਬੀਤੇ ਦਿਨੀਂ ਸਰੀ 'ਚ ਹੋਏ ਜਨਤਕ ਇਕੱਠ 'ਚ ਉਨ੍ਹਾਂ ਨੂੰ ਇਹ ਪੁਰਸਕਾਰ ਦੇਣ ਖ਼ਿਲਾਫ਼ ਮਤਾ ਵੀ ਪਾਸ ਕੀਤਾ ਗਿਆ  ਸੀ। ਜਥੇਬੰਦੀਆਂ ਦੇ ਵਿਰੋਧ ਨੂੰ ਦੇਖਦਿਆਂ ਗੁਰਦਾਸ ਮਾਨ ਨੂੰ ਪੁਰਸਕਾਰ ਦੇਣ ਦਾ ਫ਼ੈਸਲਾ ਰੱਦ ਕਰਨਾ ਪਿਆ ਤੇ ਉਕਤ ਪੁਰਸਕਾਰ ਬਾਬਾ ਗਰੁੱਪ’ ਦੇ ਸੂਫ਼ੀ ਗਾਇਕਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। 



ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ ਦੇ ਇਸ ਫ਼ੈਸਲੇ ਦਾ ਚੜ੍ਹਦੇ ਤੇ ਲਹਿੰਦੇ ਪੰਜਾਬ ਸਮੇਤ ਕਈ ਕੌਮਾਂਤਰੀ ਸੰਸਥਾਵਾਂ ਨੇ ਸਵਾਗਤ ਕੀਤਾ ਹੈ। ਬੀਤੇ ਦਿਨੀਂ ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ ਨੇ ਵੱਖ-ਵੱਖ ਵਰਗਾ ਤਹਿਤ ਚੜ੍ਹਦੇ ਪੰਜਾਬ ਦੇ ਲੇਖਕ ਵਰਿਆਮ ਸੰਧੂ, ਰਵਿੰਦਰ ਰਵੀ, ਹਰਕੀਰਤ ਕੌਰ ਚਾਹਲ ਤੇ ਗੁਰਦਾਸ ਮਾਨ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ।



 ਗੁਰਦਾਸ ਮਾਨ ਨੂੰ ਵਾਰਿਸ ਸ਼ਾਹ ਪੁਰਸ਼ਕਾਰ ਦੇਣ ਦਾ ਲਗਾਤਾਰ ਵਿਰੋਧ ਹੋਇਆ ਸੀ ਅਤੇ ਬੀਤੇ ਦਿਨ ਸਰੀ ਵਿਚ ਹੋਏ ਜਨਤਕ ਇਕੱਠ ਵਿਚ ਇਹ ਪੁਰਸਕਾਰ ਦੇਣ ਖ਼ਿਲਾਫ਼ ਮਤਾ ਵੀ ਪਾਸ ਕੀਤਾ ਗਿਆ ਸੀ। ਗੁਰਦਾਸ ਮਾਨ ਵੱਲੋਂ ਕੈਨੇਡਾ ਵਿਚ ਆਪਣੇ ਇੱਕ ਵਿਵਾਦਤ ਸ਼ੋਅ ਦੌਰਾਨ ਅਪਮਾਨਜਨਕ ਸ਼ਬਦਾਵਲੀ ਵਰਤਣ, ਪੰਜਾਬੀ ਮਾਂ ਬੋਲੀ ਦਾ ਅਪਮਾਨ ਕਰਨ, ਇੱਕ ਰਾਸ਼ਟਰ ਇੱਕ ਭਾਸ਼ਾ ਦਾ ਹੋਕਾ ਦੇਣ ਅਤੇ ਮਾਂ ਮਾਸੀ ਦਾ ਬਿਰਤਾਂਤ ਸਿਰਜਣ ਖ਼ਿਲਾਫ਼ ਇਹ ਆਵਾਜ਼ ਲਗਾਤਾਰ ਉੱਠ ਰਹੀ ਹੈ ਅਤੇ ਗੁਰਦਾਸ ਮਾਨ ਦੇ ਕੈਨੈਡਾ ਵਿਚਲੇ ਸ਼ੋਅ ਕੈਂਸਲ ਕਰਵਾਉਣ ਲਈ ਜੱਦੋਜਹਿਦ ਜਾਰੀ ਹੈ।       


ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਨੇ ਇਲਿਆਸ ਘੁੰਮਣ ਅਤੇ ਵਾਰਿਸ ਆਲਮੀ ਫਾਊਂਡੇਸ਼ਨ ਲਾਹੌਰ ਪਾਕਿਸਤਾਨ ਵੱਲੋਂ, ਗੁਰਦਾਸ ਮਾਨ ਨੂੰ ਇਹ ਪੁਰਸਕਾਰ ਨਾ ਦੇ ਕੇ, ਲੈ ਸੁਰ ਸੰਗੀਤ ਅਤੇ ਪੰਜਾਬੀ ਦੇ ਜਾਗਰੂਕ ਸਪੂਤ 'ਬਾਬਾ ਗਰੁੱਪ' ਨੂੰ ਸੰਗੀਤ ਪੁਰਸਕਾਰ ਦੇਣ ਦੇ ਫੈਸਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ। ਪੰਜਾਬ ਮਾਂ ਬੋਲੀ ਦੇ ਵਾਰਸਾਂ ਨੇ ਬਾਬਾ ਗਰੁੱਪ ਦੇ ਸੂਫੀ ਗਾਇਕਾਂ ਨੂੰ ਮੁਬਾਰਕਬਾਦ ਪੇਸ਼ ਕੀਤੀ ਹੈ