Weather Update: ਉੱਤਰੀ ਭਾਰਤ ਦੇ ਰਾਜਾਂ ਵਿੱਚ ਗਰਮੀਆਂ ਸ਼ੁਰੂ ਹੋ ਗਈਆਂ ਹਨ। ਤਾਪਮਾਨ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਉੱਤਰ ਪੱਛਮੀ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਵਧੇਗਾ। ਇਹ ਅਗਲੇ ਚਾਰ-ਪੰਜ ਦਿਨਾਂ ਵਿੱਚ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਗਰਮੀ ਹੋਰ ਵਧਣ ਵਾਲੀ ਹੈ। ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ ਦੇ ਖੇਤਰਾਂ ਵਿੱਚ ਭਿਆਨਕ ਗਰਮੀ ਪੈ ਰਹੀ ਹੈ ਅਤੇ ਅਗਲੇ ਪੰਜ ਦਿਨਾਂ ਤੱਕ ਹੀਟਵੇਵ ਜਾਰੀ ਰਹਿਣ ਵਾਲੀ ਹੈ।


ਮੌਸਮ ਵਿਭਾਗ ਅਨੁਸਾਰ ਝਾਰਖੰਡ, ਗੰਗਾ ਪੱਛਮੀ ਬੰਗਾਲ, ਬਿਹਾਰ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤ ਤੋਂ ਤਿੰਨ ਤੋਂ ਪੰਜ ਡਿਗਰੀ ਘੱਟ ਹੈ। ਦੂਜੇ ਪਾਸੇ ਪੱਛਮੀ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਮਨੀਪੁਰ ਵਿੱਚ ਇਹ ਔਸਤ ਨਾਲੋਂ ਇੱਕ ਤੋਂ ਤਿੰਨ ਡਿਗਰੀ ਘੱਟ ਹੈ। ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਰਾਜਸਥਾਨ, ਗੁਜਰਾਤ, ਮੱਧ ਮਹਾਰਾਸ਼ਟਰ, ਕੋਂਕਣ, ਗੋਆ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤ ਨਾਲੋਂ ਦੋ ਤੋਂ ਚਾਰ ਡਿਗਰੀ ਸੈਲਸੀਅਸ ਵੱਧ ਰਿਹਾ।


ਉੱਤਰ-ਪੂਰਬੀ ਭਾਰਤ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਮੱਧ ਭਾਰਤ ਵਿੱਚ ਵੀ ਗਰਮੀ ਵਧਣ ਵਾਲੀ ਹੈ ਅਤੇ ਦੋ-ਤਿੰਨ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਤਿੰਨ ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਰਾਇਲਸੀਮਾ, ਕੇਰਲ, ਮਾਹੇ ਵਿੱਚ 23-27 ਨੂੰ ਅਤੇ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਵਿੱਚ 23 ਅਤੇ 24 ਨੂੰ ਅਤੇ ਕੋਂਕਣ ਵਿੱਚ 26 ਅਤੇ 27 ਮਾਰਚ ਨੂੰ ਗਰਮ ਅਤੇ ਨਮੀ ਵਾਲਾ ਮੌਸਮ ਰਹਿਣ ਵਾਲਾ ਹੈ। ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ ਵਰਗੇ ਖੇਤਰਾਂ ਵਿੱਚ 23 ਤੋਂ 27 ਮਾਰਚ ਤੱਕ ਹੀਟਵੇਵ ਦੇ ਹਾਲਾਤ ਬਣਨ ਜਾ ਰਹੇ ਹਨ।


ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ 'ਚ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 16.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੇ ਔਸਤ ਤਾਪਮਾਨ ਤੋਂ ਇਕ ਡਿਗਰੀ ਘੱਟ ਹੈ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਸਵੇਰੇ 8:30 ਵਜੇ ਨਮੀ 77 ਫੀਸਦੀ ਰਹੀ। ਵਿਭਾਗ ਨੇ ਦਿਨ ਵੇਲੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।