Punjab News: ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind kejriwal) ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਡੇਰਾ ਬਾਬਾ ਨਾਨਕ ਵਿੱਚ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ। ਦੋਵੇਂ ਆਗੂਆਂ ਨੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ।
ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਗੁਰਦੀਪ ਰੰਧਾਵਾ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਢਾਈ ਸਾਲ ਪਹਿਲਾਂ ਤੁਸੀਂ 'ਆਪ' ਨੂੰ ਇਤਿਹਾਸਕ ਫ਼ਤਵਾ ਦਿੱਤਾ ਸੀ। 117 ਸੀਟਾਂ 'ਚੋਂ ਤੁਸੀਂ ਸਾਨੂੰ 92 ਸੀਟਾਂ ਦਿੱਤੀਆਂ, ਜੋ ਪੰਜਾਬ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਹਨ। ਉਨ੍ਹਾਂ ਅੱਗੇ ਕਿਹਾ ਕਿ ਆਪ ਦੀ ਸਰਕਾਰ ਤੋਂ ਪਹਿਲਾਂ, ਪੰਜਾਬ ਦੇ ਲੋਕ ਬਿਜਲੀ ਦੇ ਬਿੱਲਾਂ ਤੋਂ ਸਭ ਤੋਂ ਵੱਧ ਪ੍ਰੇਸ਼ਾਨ ਸਨ। ਕੁਝ ਲੋਕਾਂ ਦੇ 2 ਲੱਖ ਰੁਪਏ ਤੱਕ ਦੇ ਬਿੱਲ ਬਕਾਇਆ ਸਨ। ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੇ ਪੁਰਾਣੇ ਬਿਜਲੀ ਦੇ ਬਿੱਲਾਂ ਨੂੰ ਮੁਆਫ਼ ਕਰ ਦੇਵਾਂਗੇ ਅਤੇ ਉਸ ਤੋਂ ਬਾਅਦ ਤੁਹਾਡੇ ਬਿੱਲਾਂ ਜ਼ੀਰੋ ਆਉਣਗੇ। ਅਸੀਂ ਉਹ ਵਾਅਦਾ ਵੀ ਪੂਰਾ ਕੀਤਾ, ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਹਨ।
ਕੇਜਰੀਵਾਲ ਨੇ ਕਿਹਾ ਕਿ ਜਦੋਂ ਗੁਰਦੀਪ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਚੁਣੇ ਜਾਣਗੇ ਤਾਂ ਉਹ ਇਸ ਹਲਕੇ ਵਿੱਚ ਬਾਇਓ ਗੈਸ ਪਲਾਂਟ ਅਤੇ ਸ਼ੂਗਰ ਮਿੱਲ ਦੀ ਸਥਾਪਨਾ ਕਰਨਗੇ। ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੈਦਾਨ ਅਤੇ ਸਟੇਡੀਅਮ ਬਣਾਏ ਜਾਣਗੇ। ਇੱਕ ਆਈਟੀਆਈ-ਪੋਲੀਟੈਕਨਿਕ ਕਾਲਜ ਵੀ ਖੋਲ੍ਹਿਆ ਜਾਵੇਗਾ।
ਕੇਜਰੀਵਾਲ ਨੇ ਕਿਹਾ ਇਹ ਚੋਣ ਇਮਾਨਦਾਰ ਰੰਧਾਵਾ ਅਤੇ ਭ੍ਰਿਸ਼ਟ ਰੰਧਾਵਾ ਵਿਚਕਾਰ ਹੈ। ਡੇਰਾ ਬਾਬਾ ਨਾਨਕ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕਾਰਨ ਲੋਕ ਕਈ ਝੂਠੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਸਿਰਫ਼ ਆਪਣੇ ਪਰਿਵਾਰ ਬਾਰੇ ਹੀ ਸੋਚਦੇ ਹਨ। ਇਸੇ ਲਈ ਉਨ੍ਹਾਂ ਦੀ ਪਤਨੀ ਇਹ ਚੋਣ ਲੜ ਰਹੀ ਹੈ। ਦੂਜੇ ਪਾਸੇ ਗੁਰਦੀਪ ਸਿੰਘ ਰੰਧਾਵਾ ਲਈ ਡੇਰਾ ਬਾਬਾ ਨਾਨਕ ਦੇ ਲੋਕ ਹੀ ਉਨ੍ਹਾਂ ਦਾ ਪਰਿਵਾਰ ਹਨ। ਉਹ ਤੁਹਾਡੇ ਲਈ ਕੰਮ ਕਰੇਗਾ। ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :