ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਪੰਜਾਬ ਵਿੱਚ ਗਠਜੋੜ ਨੂੰ ਲੈ ਕੇ ਜੋ ਚਰਚਾਵਾਂ ਚੱਲ ਰਹੀਆਂ ਹਨ, ਉਸ ਵਿਚਾਲੇ ਬੀਜੇਪੀ ਦੇ ਸੀਨੀਅਰ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਬਿਆਨ ਦਿੱਤਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਬੀਜੇਪੀ ਭਾਵੇਂ ਪੰਜਾਬ ਵਿੱਚ ਕਮਜ਼ੋਰ ਹੈ ਪਰ ਅਸੀਂ ਆਪਣੇ ਦਮ 'ਤੇ ਹੀ ਚੋਣ ਲੜਾਂਗੇ ਤਾਂ ਹੀ ਅਸੀਂ ਪੰਜਾਬ ਵਿੱਚ ਮਜ਼ਬੂਤ ਹੋਵਾਂਗੇ।  ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਸਾਨੂੰ ਪਾਰਟੀ ਹਾਈਕਮਾਨ ਵੱਲੋਂ ਨਿਰਦੇਸ਼ ਜਾਰੀ ਹੋਏ ਹਨ ਕਿ ਪੰਜਾਬ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਚੋਣ ਲੜਾਂਗੇ। 


 ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਲੋਕ ਸਭਾ ਦੀਆਂ 13 ਅਤੇ  117 ਵਿਧਾਨ ਸਭਾ ਸੀਟਾਂ 'ਤੇ ਆਪਣੀ ਮਿਹਨਤ ਕਰ ਰਹੇ ਹਾਂ ਸਾਡੇ ਵਰਕਰ ਦਿਨ ਰਾਤ ਮਿਹਨਤ ਕਰਨ ਲੱਗੇ ਹੋਏ ਹਨ ਜਿਸ ਦਾ ਫਲ ਸਾਨੂੰ ਜ਼ਰੂਰ ਮਿਲੇਗਾ। ਸਿਰਸਾ ਨੇ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਸਬੰਧ ਪਾਰਟੀ ਹਾਈਕਮਾਨ ਨੇ ਕੋਈ ਵੀ ਸੰਕੇਤ ਨਹੀਂ ਦਿੱਤੇ ਹਨ। ਹਾਲੇ ਗਠਜੋੜ ਕਰਨ ਸਬੰਧੀ ਕੋਈ ਵੀ ਹਾਲਾਤ ਨਹੀਂ ਹੈ।


 ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ ਗਠਜੋੜ ਦੇ ਲੀਡਰ ਸੁਖਦੇਵ ਸਿੰਘ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਸਾਡੇ ਕੋਲ ਮੋਜੂਦ ਹਨ। ਇਸ ਤੋਂ ਇਲਾਵਾ ਪੰਜਾਬ ਨੂੰ ਸਮਝਣ ਵਾਲੇ ਪੰਜਾਬੀਆਂ ਦੀ ਗੱਲ ਕਰਨ ਵਾਲੇ  ਸੂਝਵਾਨ ਲੀਡਰ ਪੰਜਾਬ ਭਾਜਪਾ ਵਿੱਚ ਵੱਡੀ ਗਿਣਤੀ ਅੰਦਰ ਸ਼ਾਮਲ ਹਨ। ਮਨਜਿੰਦਰ ਸਿੰਘ ਸਿਰਸਾ, ਪੰਜਾਬ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਨਾਲ ਅੱਜ ਅੰਮ੍ਰਿਤਸਰ ਪਹੁੰਚੇ ਸਨ। ਜਿਸ ਦੌਰਾਨ ਉਹਨਾਂ ਨੇ ਇਹ ਦਾਅਵਾ ਕੀਤਾ ਹੈ। 



ਜੇ SAD-BJP ਗਠਜੋੜ ਹੋਇਆ ਤਾਂ ਸੁਖਬੀਰ ਬਾਦਲ ਸਾਹਮਣੇ ਟਕਸਾਲੀ ਹੋਣਗੇ ਚੁਣੌਤੀ


ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੇਸ਼ਾਨ ਹੋ ਕੇ ਕਈ ਟਕਸਾਲੀ ਅਕਾਲੀ ਹੁਣ ਬੀਜੇਪੀ ਦਾ ਹਿੱਸਾ ਬਣੇ ਹੋਏ ਹਨ ਤੇ ਕਈ ਅੰਦਰਖਾਤੇ ਬੀਜੇਪੀ ਦੀ ਸਪੋਟ ਕਰਦੇ ਹਨ। ਟਕਸਾਲੀਆਂ ਵਿੱਚ ਸਭ ਤੋਂ ਅੱਗੇ ਢੀਂਡਸਾ ਪਰਿਵਾਰ ਹੈ। ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਅੱਜ ਬੀਜੇਪੀ ਦਾ ਹਿੱਸਾ ਹਨ। ਹਰ ਮੀਟਿੰਗ ਵਿੱਚ ਵੱਡੇ ਢੀਂਡਸਾ ਬੀਜੇਪੀ ਨੂੰ ਸਲਾਹਾਂ ਦਿੰਦੇ ਆ ਰਹੇ ਹਨ। ਅਕਾਲੀ ਦਲ ਖਿਲਾਫ਼ ਝੰਡਾ ਝੁੱਕਣ ਵਾਲੇ ਸੁਖਦੇਵ ਸਿੰਘ ਢੀਂਡਸਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਨਾਰਾਜ਼ ਹੋ ਕੇ ਵੱਖ ਹੋਏ ਤੇ ਆਪਣੀ ਵੱਖਰੀ ਪਾਰਟੀ ਬਣਾਈ ਸੀ। 


ਅਜਿਹੇ ਵਿੱਚ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਲਈ ਸਿਰਦਰਦ ਬਣ ਸਕਦੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਤੋਂ ਕੱਢੇ ਗਏ ਬੀਬੀ ਜਗੀਰ ਕੌਰ ਵੀ ਸੁਖਬੀਰ ਬਾਦਲ ਖਿਲਾਫ਼ ਮੋਰਚਾ ਖੋਲ੍ਹੀ ਬੈਠੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਆਖ ਚੁੱਕੇ ਹਨ ਕਿ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਤਾਂ ਬੀਬੀ ਜਗੀਰ ਕੌਰ ਨੂੰ ਭਾਜਪਾ ਨੇ ਚੋਣ ਲੜਨ ਲਈ ਭੇਜਿਆ ਸੀ। ਯਾਨੀ ਬੀਜੇਪੀ ਦੇ ਟੱਚ ਵਿੱਚ ਬੀਬੀ ਜਗੀਰ ਕੌਰ ਵੀ ਹਨ।