Pakistan Train Hijack: ਪਾਕਿਸਤਾਨੀ ਯਾਤਰੀ ਰੇਲਗੱਡੀ ਨੂੰ ਅਗਵਾ ਕਰਨ ਵਾਲੇ ਬਲੋਚ ਬਾਗੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਾਰੇ 214 ਫੌਜੀ ਬੰਧਕਾਂ ਨੂੰ ਮਾਰ ਦਿੱਤਾ ਹੈ, ਕਿਉਂਕਿ ਬਲੋਚ ਰਾਜਨੀਤਿਕ ਕੈਦੀਆਂ ਨੂੰ ਰਿਹਾਅ ਕਰਨ ਲਈ ਉਨ੍ਹਾਂ ਦੀ 48 ਘੰਟਿਆਂ ਦੀ ਸਮਾਂ ਸੀਮਾ ਖਤਮ ਹੋ ਗਈ ਹੈ।
ਬਲੋਚ ਲਿਬਰੇਸ਼ਨ ਆਰਮੀ, ਜਿਸਨੇ ਪਾਕਿਸਤਾਨੀ ਫੌਜ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਬੰਧਕਾਂ ਨੂੰ ਰਿਹਾਅ ਕਰਵਾ ਦਿੱਤਾ ਗਿਆ ਹੈ। ਬੀਐਲਏ ਨੇ ਕਿਹਾ ਕਿ ਪਾਕਿਸਤਾਨੀ ਸਰਕਾਰ ਦੀ "ਜ਼ਿੱਦ" ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ। ਬੁੱਧਵਾਰ ਨੂੰ ਵਿਦਰੋਹੀਆਂ ਨੇ ਸਰਕਾਰ ਨੂੰ ਬਲੋਚ ਰਾਜਨੀਤਿਕ ਕੈਦੀਆਂ ਤੇ ਕਾਰਕੁਨਾਂ ਨੂੰ ਰਿਹਾਅ ਕਰਨ ਲਈ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ।
ਦਰਅਸਲ, ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਕਰਨ ਦੀ ਮੰਗ ਕਰਨ ਵਾਲੇ ਵੱਖਵਾਦੀ ਸਮੂਹ, ਬਲੋਚ ਲਿਬਰੇਸ਼ਨ ਆਰਮੀ ਨੇ ਮੰਗਲਵਾਰ ਨੂੰ ਰੇਲਵੇ ਟਰੈਕ ਨੂੰ ਉਡਾਉਣ ਤੋਂ ਬਾਅਦ ਪੇਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਸੀ। ਜਿਸ ਸਮੇਂ ਟ੍ਰੇਨ ਨੂੰ ਹਾਈਜੈਕ ਕੀਤਾ ਗਿਆ ਸੀ, ਉਸ ਸਮੇਂ ਟ੍ਰੇਨ ਵਿੱਚ 400 ਤੋਂ ਵੱਧ ਲੋਕ ਮੌਜੂਦ ਸਨ। ਰੇਲਗੱਡੀ 'ਤੇ ਕਬਜ਼ਾ ਕਰਨ ਤੋਂ ਬਾਅਦ, BLA ਦੇ ਬਾਗੀਆਂ ਨੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਜਾਣ ਦਿੱਤਾ।
ਬੀਐਲਏ ਨੇ ਇੱਕ ਬਿਆਨ ਵਿੱਚ ਕਿਹਾ, "ਪਾਕਿਸਤਾਨ ਨੇ ਆਪਣੀ ਰਵਾਇਤੀ ਜ਼ਿੱਦ ਤੇ ਫੌਜੀ ਹੰਕਾਰ ਦਾ ਪ੍ਰਦਰਸ਼ਨ ਕਰਦੇ ਹੋਏ, ਨਾ ਸਿਰਫ਼ ਗੰਭੀਰ ਗੱਲਬਾਤ ਤੋਂ ਬਚਿਆ ਸਗੋਂ ਜ਼ਮੀਨੀ ਹਕੀਕਤਾਂ ਤੋਂ ਵੀ ਅੱਖਾਂ ਮੀਟ ਲਈਆਂ। ਇਸ ਜ਼ਿੱਦ ਕਾਰਨ ਸਾਰੇ 214 ਬੰਧਕਾਂ ਦੀ ਮੌਤ ਹੋ ਗਈ।"
ਟ੍ਰੇਨ ਵਿੱਚ 400 ਤੋਂ ਵੱਧ ਯਾਤਰੀ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਰੱਖਿਆ ਕਰਮਚਾਰੀ ਸਨ। ਪਾਕਿਸਤਾਨੀ ਫੌਜ ਜਿਸ ਨੇ ਬੰਧਕਾਂ ਨੂੰ ਛੁਡਾਉਣ ਲਈ ਕਾਰਵਾਈ ਸ਼ੁਰੂ ਕੀਤੀ ਸੀ ਨੇ ਕਿਹਾ ਕਿ 30 ਘੰਟੇ ਚੱਲੇ ਆਪ੍ਰੇਸ਼ਨ ਤੋਂ ਬਾਅਦ ਬੁੱਧਵਾਰ ਨੂੰ ਘੇਰਾਬੰਦੀ ਖਤਮ ਹੋ ਗਈ, ਜਿਸ ਵਿੱਚ ਸਾਰੇ 33 ਅੱਤਵਾਦੀ ਮਾਰੇ ਗਏ। ਫੌਜ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ 23 ਸੈਨਿਕ, ਤਿੰਨ ਰੇਲਵੇ ਕਰਮਚਾਰੀ ਅਤੇ ਪੰਜ ਯਾਤਰੀ ਮਾਰੇ ਗਏ ਸਨ।
ਹਾਲਾਂਕਿ, ਬਲੋਚ ਬਾਗ਼ੀਆਂ ਨੇ ਪਾਕਿਸਤਾਨ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਸੀ ਕਿ ਭਿਆਨਕ ਲੜਾਈ ਜਾਰੀ ਹੈ ਤੇ ਸੁਰੱਖਿਆ ਬਲਾਂ ਨੂੰ "ਭਾਰੀ ਨੁਕਸਾਨ" ਹੋ ਰਿਹਾ ਹੈ। ਹੁਣ ਉਨ੍ਹਾਂ ਨੇ 214 ਬੰਧਕਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।