ਚੰਡੀਗੜ੍ਹ: ਕਿਸਾਨਾਂ 'ਤੇ ਇਸ ਵਾਰ ਮੌਸਮ ਵੀ ਕਹਿਰਵਾਨ ਹੈ। ਅੱਜ ਫਿਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ ਜਿਸ ਨਾਲ ਮੰਡੀਆਂ ਵਿੱਚ ਪਈ ਕਣਕ ਭਿੱਜ ਗਈ। ਖੇਤਾਂ ਵਿੱਚ ਕਣਕ ਦੀ ਵਾਢੀ ਰੁਕ ਗਈ ਤੇ ਤੂੜੀ ਬਣਾਉਣ ਦੇ ਕੰਮ ਨੂੰ ਵੀ ਬ੍ਰੇਕ ਲੱਗ ਗਈ। ਕਿਸਾਨ ਇਸ ਸਭ ਕਾਸੇ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਖਰੀਦ ਪਹਿਲੀ ਦੀ ਬਜਾਏ 10 ਅਪਰੈਲ ਨੂੰ ਸ਼ੁਰੂ ਕਰਨਾ ਤੇ ਬਾਰਦਾਨੇ ਦਾ ਪ੍ਰਬੰਧ ਨਾ ਕਰਨ ਕਰਕੇ ਨੁਕਸਾਨ ਹੋ ਰਿਹਾ ਹੈ।


ਉਧਰ, ਮੌਸਮ ਵਿਭਾਗ ਨੇ ਹੋਰ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ ਤੇ ਆਲੇ-ਦੁਆਲੇ ਦੇ ਖੇਤਰਾਂ ’ਚ ਪੱਛਮੀ ਗੜਬੜੀ ਵਾਲਾ ਮਾਹੌਲ ਬਣ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਦਰਮਿਆਨੇ ਹਿੱਸੇ ’ਚ ਚੱਕਰਵਾਤੀ ਹਵਾਵਾਂ ਦਾ ਖੇਤਰ ਵੀ ਬਣਿਆ ਹੋਇਆ ਹੈ। ਇਸੇ ਕਾਰਨ ਭਾਰਤ ਦੇ ਕਈ ਰਾਜਾਂ ਵਿੱਚ ਹਨ੍ਹੇਰੀ-ਝੱਖੜ ਝੁੱਲਣ ਦੇ ਨਾਲ-ਨਾਲ ਮੀਂਹ ਦੇ ਆਸਾਰ ਬਣੇ ਹੋਏ ਹਨ। ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ, ਲੱਦਾਖ, ਪੰਜਾਬ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ ’ਚ ਵੀ ਹਲਕੀ ਵਰਖਾ ਦੀ ਸੰਭਾਵਨਾ ਹੈ।


ਦੱਸ ਦਈਏ ਕਿ ਪੰਜਾਬ ’ਚ ਮੰਡੀਆਂ ਫਸਲ ਨਾਲ ਨੱਕੋ-ਨੱਕ ਭਰ ਗਈਆਂ ਹਨ ਤੇ ਬਾਰਦਾਨੇ ਦੀ ਕਮੀ ਕਰਕੇ ਹਾਹਾਕਾਰ ਮੱਚੀ ਹੋਈ ਹੈ। ਕਣਕ ਦੀ ਤੇਜ਼ੀ ਨਾਲ ਹੋਈ ਵਾਢੀ ਨੇ ਪੰਜਾਬ ਸਰਕਾਰ ਦੀ ਗਿਣਤੀ ਮਿਣਤੀ ਫੇਲ੍ਹ ਕਰ ਦਿੱਤੀ ਹੈ ਤੇ ਬਾਰਦਾਨੇ ਦੇ ਢੁਕਵੇਂ ਪ੍ਰਬੰਧ ਕਰਨ ਵਿੱਚ ਪੰਜਾਬ ਸਰਕਾਰ ਫੇਲ੍ਹ ਹੋਈ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਰੀਬ 66.44 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਤੇ ਹਾਲੇ ਤੱਕ ਮੰਡੀਆਂ ’ਚੋਂ ਸਿਰਫ 38 ਫੀਸਦੀ ਖਰੀਦ ਕੀਤੀ ਫ਼ਸਲ ਚੁੱਕੀ ਗਈ ਹੈ।


ਭਾਰਤੀ ਖੁਰਾਕ ਨਿਗਮ ਕੋਲ ਵੀ 50 ਫੀਸਦੀ ਹੀ ਬਾਰਦਾਨਾ ਹੈ। ਐਫਸੀਆਈ ਪੰਜਾਬ ਵਿਚ ਫ਼ਸਲ ਘੱਟ ਖਰੀਦ ਕਰ ਰਹੀ ਹੈ ਜਦੋਂ ਕਿ ਹਰਿਆਣਾ ਵਿੱਚ ਐੱਫਸੀਆਈ ਨੇ 20 ਅਪਰੈਲ ਤੱਕ 3.41 ਲੱਖ ਮੀਟ੍ਰਿਕ ਟਨ ਫ਼ਸਲ ਖਰੀਦ ਲਈ ਹੈ। ਪੰਜਾਬ ’ਚ ਜੋ ਐਫਸੀਆਈ ਕੋਲ ਮੰਡੀਆਂ ਹਨ, ਉਨ੍ਹਾਂ ਵਿਚ ਸਭ ਤੋਂ ਵਧ ਸਮੱਸਿਆ ਆ ਰਹੀ ਹੈ। ਪੰਜਾਬ ਮੰਡੀ ਬੋਰਡ ਕੋਲ ਹੁਣ ਤੱਕ ਮੰਡੀਆਂ ’ਚੋਂ 650 ਸ਼ਿਕਾਇਤਾਂ ਪੁੱਜ ਚੁੱਕੀਆਂ ਹਨ। ਸਭ ਤੋਂ ਵੱਧ ਸ਼ਿਕਾਇਤਾਂ ਬਾਰਦਾਨੇ ਦੀ ਕਮੀ ਦੀਆਂ ਹਨ।